
ਮੁਸਲਿਮ ਕਬਰਸਿਤਾਨ ਦੀ ਜ਼ਮੀਨ ਨੂੰ ਪਾਰਕ ਵਜੋਂ ਵਿਕਸਤ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਇੱਥੋਂ ਦੇ ਫੇਜ਼-9 ਦੇ ਵਸਨੀਕ ਅਤੇ ਸੋਸ਼ਲ ਵਰਕਰ ਕੈਪਟਨ ਰਮਨਦੀਪ ਸਿੰਘ ਬਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਥਾਨਕ ਪਿੰਡ ਕੁੰਭੜਾ ਸਥਿਤ ਮੁਸਲਿਮ ਕਬਰਸਿਤਾਨ ਦੀ ਜ਼ਮੀਨ ਨੂੰ ਪਾਰਕ ਵਜੋਂ ਵਿਕਸ਼ਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਅਧੀਨ ਆਉਂਦੀ ਉਕਤ ਜ਼ਮੀਨ ਇਸ ਵੇਲੇ ਵਰਤੋਂ ਵਿੱਚ ਨਹੀਂ ਹੈ। ਲਿਹਾਜ਼ਾ ਇਸ ਜ਼ਮੀਨ ਨੂੰ ਲੋਕਾਂ ਦੀ ਸਹੂਲਤ ਲਈ ਇੱਥੇ ਵਧੀਆ ਪਾਰਕ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਅਜਿਹਾ ਨਹੀਂ ਕਰ ਸਕਦੀ ਹੈ ਤਾਂ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਇਸ ਜ਼ਮੀਨ ਦੀ ਸਾਫ਼ ਸਫ਼ਾਈ ਕਰਵਾ ਕਰਕੇ ਇੱਥੇ ਪਾਰਕ ਬਣਾਇਆ ਜਾ ਸਕੇ।
ਮੁਹਾਲੀ ਦੇ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਕੈਪਟਨ ਬਾਵਾ ਨੇ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਤ ਉੱਚ ਅਧਿਕਾਰੀਆਂ ਅਤੇ ਵਕਫ਼ ਬੋਰਡ ਨੂੰ ਵੀ ਅਪੀਲ ਕੀਤੀ ਗਈ ਸੀ ਲੇਕਿਨ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਉਂਜ ਵੀ ਇੱਥੇ ਮੁਰਦਾ ਦਫ਼ਨਾਉਣ ਸਮੇਂ ਝਗੜੇ ਹੁੰਦੇ ਰਹਿੰਦੇ ਹਨ। ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾ ਰਾਹੀਂ ਸਿੱਖ ਆਜਾਇਬਘਰ ਮੁਹਾਲੀ ਨੇੜੇ ਪਿੰਡ ਬਲੌਂਗੀ ਵਿੱਚ ਮੁਸਲਿਮ ਕਬਰਸਿਤਾਨ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਈਆ ਜਾ ਚੁੱਕੀ ਹੈ।