nabaz-e-punjab.com

ਮੁਸਲਿਮ ਭਾਈਚਾਰੇ ਨੇ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ‘ਕਾਲਾ ਦਿਵਸ’ ਮਨਾਇਆ

ਰਾਸ਼ਟਰਪਤੀ ਨੂੰ ਨਿੱਜੀ ਦਖ਼ਲ ਦੇਣ ਦੀ ਗੁਹਾਰ, ਨਾਗਰਿਕਤਾ ਸੋਧ ਕਾਨੂੰਨ ਫੌਰੀ ਰੱਦ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਸਮੂਹ ਮੁਸਲਿਮ ਵੈਲਫੇਅਰ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਵੱਖ-ਵੱਖ ਧਰਮਾਂ ਅਤੇ ਵਰਗਾਂ ਦੇ ਲੋਕਾਂ ਦੇ ਸਹਿਯੋਗ ਨਾਲ ਅੱਜ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਕਾਲਾ ਦਿਵਸ ਮਨਾਇਆ ਗਿਆ। ਇਸ ਤੋਂ ਪਹਿਲਾਂ ਇੱਥੋਂ ਦੇ ਫੇਜ਼-11 ਸਥਿਤ ਮਸਜਿਦ ਵਿੱਚ ਜ਼ੁੰਮੇ ਦੀ ਨਮਾਜ਼ ਪੜੀ ਗਈ। ਉਪਰੰਤ ਮਸਜਿਦ ਦੇ ਸਾਹਮਣੇ ਪਬਲਿਕ ਪਾਰਕ ਵਿੱਚ ਕੌਮੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਆਗੂ ਵਕੀਲ ਮੁਹੰਮਦ ਸਲੀਮ, ਘੱਟ ਗਿਣਤੀਆਂ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਡਾ. ਅਨਵਰ ਹੁਸੈਨ, ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਧਰ, ਮੁਸਲਿਮ ਵੈਲਫੇਅਰ ਕਮੇਟੀ ਪਿੰਡ ਕੁੰਭੜਾ ਵੱਲੋਂ ਵੱਖਰੇ ਤੌਰ ’ਤੇ ਹੋਰਨਾਂ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਏਅਰਪੋਰਟ ਸੜਕ ’ਤੇ ਸ਼ਾਂਤਮਈ ਤਰੀਕੇ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੁਸਲਿਮ ਵੈਲਫੇਅਰ ਕਮੇਟੀ ਪਿੰਡ ਕੁੰਭੜਾ ਦੇ ਪ੍ਰਧਾਨ ਦਿਲਬਰ ਖਾਨ, ਜਨਰਲ ਸਕੱਤਰ ਬਹਾਦਰ ਖਾਨ, ਵਿੱਤ ਸਕੱਤਰ ਅਵਤਾਰ ਮੁਹੰਮਦ, ਸਲਾਹਕਾਰ ਬੀਐਸ ਮਲਿਕ, ਪੈੱ੍ਰਸ ਸਕੱਤਰ ਸੌਦਾਗਰ ਖਾਨ, ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕਿਰਪਾਲ ਸਿੰਘ, ਸੇਵਾਮੁਕਤ ਆਈਏਐਸ ਐਸਆਰ ਲੱਧੜ, ਸਾਬਕਾ ਵਧੀਕ ਕੈੱਗ ਓਂਕਾਰ ਨਾਥ, ਚਮਨ ਲਾਲ ਵੀ ਮੌਜੂਦ ਸਨ। ਮੁਹਾਲੀ ਪੁਲੀਸ ਵੱਲੋਂ ਵੱਖ ਵੱਖ ਥਾਵਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਕੌਮੀ ਨਾਗਰਿਕਤਾ ਕਾਨੂੰਨ ਵਿੱਚ ਕੀਤੀ ਸੋਧ ਘੱਟ ਗਿਣਤੀਆਂ ਦੇ ਖ਼ਿਲਾਫ਼ ਹੈ। ਇਸ ਨਾਲ ਘੱਟ ਗਿਣਤੀਆਂ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਖ਼ਿਲਾਫ਼ ਦੇਸ਼ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਯੂਪੀ ਵਿੱਚ ਪੁਲੀਸ ਵੱਲੋਂ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਹਿੰਸਕ ਬਣਾ ਕੇ ਘੱਟ ਗਿਣਤੀ ਭਾਈਚਾਰੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ਪੁਲੀਸ ਮੁਸਲਮਾਨਾਂ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ। ਸਰਕਾਰ ਦੇ ਫੈਸਲਿਆਂ ਵਿਰੁੱਧ ਆਵਾਜ਼ ਉਠਾਉਣ ਦੀ ਆਜ਼ਾਦੀ ਭਾਰਤੀ ਸੰਵਿਧਾਨ ਨੇ ਦਿੱਤੀ ਹੈ ਪਰ ਯੂਪੀ ਵਿੱਚ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਯੂਪੀ ਵਿੱਚ ਘੱਟ ਗਿਣਤੀ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਬੰਦ ਕਰਵਾਉਣ ਅਤੇ ਨਾਗਰਿਕਤਾ ਸੋਧ ਬਿੱਲ ਕਾਨੂੰਨ ਨੂੰ ਫੌਰੀ ਰੱਦ ਕਰਵਾਉਣ ਲਈ ਨਿੱਜੀ ਦਖ਼ਲ ਦੇਣ ਤਾਂ ਜੋ ਦੇਸ਼ ਦੀ ਸ਼ਾਂਤੀ ਨੂੰ ਭੰਗ ਹੋਣ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …