
ਆਖ਼ਰਕਾਰ ਮੁਹਾਲੀ ਵਿੱਚ ਮੁਸਲਿਮ ਭਾਈਚਾਰੇ ਨੂੰ ਮਿਲੀ ਮੁਸਲਿਮ ਕਬਿਰਸਤਾਨ ਲਈ ਢੁਕਵੀਂ ਥਾਂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚਾਰ ਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ
10 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਮੁਸਲਿਮ ਕਬਿਰਸਤਾਨ ਦੀ ਚਾਰ ਦੀਵਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਮੁਹਾਲੀ ਨਗਰ ਨਿਗਮ ਦੀ ਹੱਦ ਅੰਦਰ ਮੁਸਲਿਮ ਭਾਈਚਾਰੇ ਦੀ ਮੁਸਲਿਮ ਕਬਿਰਸਤਾਨ ਲਈ ਢੁਕਵੀਂ ਥਾਂ ਮਿਲਣ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਇੱਥੋਂ ਦੇ ਸੈਕਟਰ-57 ਵਿਖੇ ਮੁਸਲਿਮ ਕਬਿਰਸਤਾਨ ਲਈ ਮੁਸਲਿਮ ਭਾਈਚਾਰੇ ਨੂੰ ਲੋੜੀਂਦੀ ਥਾਂ ਮਿਲ ਗਈ ਹੈ।
ਮੁਸਲਿਮ ਵੈੱਲਫੇਅਰ ਕਮੇਟੀ ਮੁਹਾਲੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਅੱਜ ਸੈਕਟਰ-57 ਵਿਖੇ ਸਿਹਤ ਮੰਤਰੀ ਨੇ ਮੁਸਲਿਮ ਕਬਿਰਸਤਾਨ ਦੀ ਚਾਰ ਦੀਵਾਰੀ ਦਾ ਕੰਮ ਖ਼ੁਦ ਆਪਣੇ ਹੱਥੀਂ ਇੱਟ ਰੱਖ ਕੇ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਚਾਰ ਦੀਵਾਰੀ ’ਤੇ 10 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰੀ ਆਬਾਦੀ ਵਧਣ ਕਾਰਨ ਵੱਖ-ਵੱਖ ਪਿੰਡਾਂ ਵਿੱਚ ਬਣੇ ਕਬਿਰਸਤਾਨ ਰਿਹਾਇਸ਼ੀ ਖੇਤਰ ਵਿੱਚ ਆ ਗਏ ਹਨ। ਜਿੱਥੇ ਮੁਰਦਿਆਂ ਨੂੰ ਦਫ਼ਨਾਉਣ ਦਾ ਕੰਮ ਨਹੀਂ ਸੀ ਹੋ ਸਕਦਾ ਅਤੇ ਜੇਕਰ ਕੋਈ ਮੁਸਲਿਮ ਪਰਿਵਾਰ ਅਜਿਹਾ ਕਰਦਾ ਸੀ ਤਾਂ ਉੱਥੇ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਸੀ। ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪ੍ਰੰਤੂ ਹੁਣ ਸਰਕਾਰ ਨੇ ਸ਼ਹਿਰ ਦੇ ਸ਼ਮਸ਼ਾਨਘਾਟ ਦੇ ਨੇੜੇ ਮੁਸਲਿਮ ਕਬਿਰਸਤਾਨ ਲਈ ਥਾਂ ਦੇ ਦਿੱਤੀ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ, ਚੀਫ਼ ਇੰਜੀਨੀਅਰ ਮੁਕੇਸ਼ ਗਰਗ, ਐਸਡੀਓ ਸੁਖਵਿੰਦਰ ਸਿੰਘ, ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਗੁਲਫਾਮ ਅਲੀ, ਕੈਸ਼ੀਅਰ ਬਾਬੂ ਖਾਨ, ਦਿਲਬਾਗ ਖਾਨ ਮਟੌਰ, ਨਸੀਬ ਅਹਿਮਦ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਮੁਸਤਦੀਲ ਅਹਿਮਦ, ਅਲੂਮਦੀਨ, ਇਲੂਮਦੀਨ, ਐਸਏ ਖਾਨ, ਜਹੀਰ ਅਲੀ, ਐਮਡੀ ਨਸੀਮ, ਅਬਦੁਲ ਸਲਾਮ, ਚਾਂਦ ਮੁਹੰਮਦ ਮੌਜੂਦ ਸਨ।