ਵਿਆਹੁਤਾ ਦੀ ਭੇਤਭਰੀ ਮੌਤ ਨੂੰ ਲੈ ਕੇ ਪੇਕਿਆਂ ਤੇ ਸੁਹਰਾ ਪਰਿਵਾਰ ਵਿੱਚ ਤਣਾਅ

ਲੜਕੀ ਦੇ ਮਾਪਿਆਂ ਦੀ ਮੰਗ ’ਤੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਬੋਰਡ ਨੇ ਕੀਤਾ ਪੋਸਟ ਮਾਰਟਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸੋਨਲ ਮੰਡੀ ਗੋਬਿੰਦਗੜ੍ਹ ਦੀ ਸੋਨ ਵਿੱਚ ਵਿਆਹੀ ਨੌਜਵਾਨ ਲੜਕੀ ਦੀ ਭੇਤਭਰੀ ਮੌਤ ਨੂੰ ਲੈ ਕੇ ਪੇਕਿਆਂ ਅਤੇ ਸੁਹਰੇ ਪਰਿਵਾਰ ਵਿੱਚ ਤਣਾਅ ਵਧ ਗਿਆ ਹੈ। ਪੁਲੀਸ ਦੀ ਮੌਜੂਦਗੀ ਵਿੱਚ ਅੱਜ ਮ੍ਰਿਤਕ ਲੜਕੀ ਤਮੰਨਾ ਗੋਇਲ ਦਾ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਹੋਇਆ। ਇਸ ਤੋਂ ਪਹਿਲਾਂ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਕਿ ਸੁਹਰੇ ਪਰਿਵਾਰ ਵਾਲੇ ਆਪਣੀ ਨੂੰਹ ਦੀ ਲਾਸ਼ ਨੂੰ ਸੋਨਲ ਲਿਜਾਉਣ ਲੱਗੇ ਤਾਂ ਮ੍ਰਿਤਕ ਲੜਕੀ ਦੇ ਘਰਦਿਆਂ ਨੇ ਲਾਸ਼ ਨੂੰ ਸੋਨਲ ਲਿਜਾਉਣ ਤੋਂ ਰੋਕਦਿਆਂ ਮੰਗ ਕੀਤੀ ਕਿ ਉਹ ਆਪਣੀ ਬੇਟੀ ਦੀ ਲਾਸ਼ ਨੂੰ ਸੋਨਲ ਨਹੀਂ ਜਾਣ ਗੇ। ਇਸ ਤੋਂ ਬਾਅਦ ਸਥਾਨਕ ਸਿਵਲ ਹਸਪਤਾਲ ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਰਾ ਜਾਂਚ ਲਈ ਸਰਕਾਰੀ ਲੈਬਾਰਟਰੀ ਵਿੱਚ ਭੇਜਿਆ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਫੇਜ਼-6 ਵਿੱਚ ਤਮੰਨਾ ਗੋਇਲ ਭੇਤਭਰੀ ਮੌਤ ਹੋ ਗਈ ਸੀ। ਉਹ ਪਿਛਲੇ ਕਈ ਦਿਨਾਂ ਤੋਂ ਇੱਥੇ ਮੈਕਸ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਨਾਲ ਲੜ ਰਹੀ ਸੀ ਅਤੇ ਮੰਗਲਵਾਰ ਸ਼ਾਮ ਤਮੰਨਾ ਨੇ ਆਖਰੀ ਸਾਹ ਲਿਆ।
ਮ੍ਰਿਤਕ ਅੌਰਤ ਦੇ ਪਿਤਾ ਵਿਨੋਦ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿਛਲੇ ਸਾਲ 26 ਅਪਰੈਲ ਨੂੰ ਤਮੰਨਾ ਦਾ ਵਿਆਹ ਸੋਨਲ ਵਿੱਚ ਰਾਹੁਲ ਗੋਇਲ ਨਾਲ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਵਧੇਰੇ ਦਹੇਜ ਵੀ ਦਿੱਤਾ ਸੀ ਲੇਕਿਨ ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਸੁਹਰੇ ਪਰਿਵਾਰ ਨੇ ਲੜਕੀ ਨੂੰ ਹੋਰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸੁਹਰੇ ਘਰ ਵਿੱਚ ਉਨ੍ਹਾਂ ਦੀ ਲੜਕੀ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਲਾਇਆ ਹੈ।
ਵਿਨੋਦ ਅਗਰਵਾਲ ਨੇ ਦੱਸਿਆ ਕਿ ਬੀਤੀ 24 ਜਨਵਰੀ ਨੂੰ ਤਮੰਨਾ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਸੁਹਰੇ ਘਰ ਬਹੁਤ ਤੰਗ ਹੈ ਅਤੇ ਅਗਲੇ ਦਿਨ 25 ਜਨਵਰੀ ਨੂੰ ਸਵੇਰੇ ਆਪਣੀ ਲੜਕੀ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ। ਲੜਕੀ ਦਾ ਮੋਬਾਈਲ ਫੋਨ ਬੰਦ ਸੀ ਜਦੋਂ ਕਿ ਉਸ ਦੇ ਸੁਹਰੇ ਪਰਿਵਾਰ ਵਾਲਿਆਂ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਕਰਵਾਈ ਅਤੇ ਇਹੀ ਕਹਿੰਦੇ ਰਹੇ ਕਿ ਤਮੰਨਾ ਦੀ ਤਬੀਅਤ ਠੀਕ ਨਹੀਂ ਹੈ। ਉਹ ਦਵਾਈ ਲੈ ਕੇ ਪਈ ਹੈ ਅਤੇ ਕਦੇ ਕਹਿ ਦਿੰਦੇ ਸੀ ਕਿ ਉਹ ਡਾਕਟਰ ਦੇ ਰੂਮ ਵਿੱਚ ਅਜੇ ਗੱਲ ਨਹੀਂ ਹੋ ਸਕਦੀ ਹੈ। ਲੇਕਿਨ ਦੇਰ ਰਾਤ ਨੂੰ ਕਰੀਬ ਢਾਈ ਵਜੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਤਮੰਨਾ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਹੈ। ਪਿਤਾ ਅਗਰਵਾਲ ਨੇ ਦੱਸਿਆ ਕਿ ਜਦੋਂ ਮੈਕਸ ਹਸਪਤਾਲ ਵਿੱਚ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀ ਬੇਟੀ ਨੂੰ ਵੈਂਟੀਲੇਟਰ ’ਤੇ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੁਹਰੇ ਪਰਿਵਾਰ ਨੇ ਉਨ੍ਹਾਂ ਨੂੰ ਸਮੇਂ ਸਿਰ ਸੂਚਨਾ ਨਹੀਂ ਦਿੱਤੀ ਹੈ। ਉਨ੍ਹਾਂ ਆਪਣੀ ਬੇਟੀ ਦੀ ਮੌਤ ਸਬੰਧੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕੀਤੇ।
ਪੇਕੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਸੁਹਰੇ ਪਰਿਵਾਰ ਨੇ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਮਾਰਿਆ ਜਾਪਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤਮੰਨਾ ਦਾ ਮੁਹਾਲੀ ਜਾਂ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕੀਤਾ ਜਾਵੇ ਕਿਉਂਕਿ ਜੇਕਰ ਉਨ੍ਹਾਂ ਦੀ ਲੜਕੀ ਦਾ ਸੁਹਰਾ ਪਰਿਵਾਰ ਉੱਚ ਪਹੁੰਚ ਵਾਲਾ ਹੈ। ਜਿਸ ਕਰਕੇ ਉਹ ਪੁਲੀਸ ਤੇ ਡਾਕਟਰਾਂ ਨਾਲ ਮਿਲ ਕੇ ਪੋਸਟ ਮਾਰਟਮ ਦੀ ਰਿਪੋਰਟ ਨਾਲ ਛੇੜਛਾੜ ਕਰ ਸਕਦੇ ਹਨ। ਉਂਜ ਲੜਕੀ ਦੇ ਪਿਤਾ ਵਿਨੋਦ ਅਗਰਵਾਲ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਸੋਨਲ ਪੁਲੀਸ ਤਮੰਨਾ ਦੇ ਸੁਹਰੇ ਪਰਿਵਾਰ ਨਾਲ ਮਿਲੀ ਹੋਈ ਹੈ। ਜੋ ਉਨ੍ਹਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ।
ਇਸ ਦੌਰਾਨ ਕਾਫੀ ਬਹਿਸ ਤੋਂ ਬਾਅਦ ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਸੋਨਲ ਪੁਲੀਸ ਲੜਕੀ ਦਾ ਪੋਸਟ ਮਾਰਟਮ ਮੁਹਾਲੀ ਵਿੱਚ ਕਰਵਾਉਣ ਲਈ ਰਾਜ਼ੀ ਹੋ ਗਈ। ਇਸ ਮਗਰੋਂ ਪੇਕੇ ਪਰਿਵਾਰ ਦੀ ਮੰਗ ’ਤੇ ਤਮੰਨਾ ਦੀ ਲਾਸ਼ ਦਾ ਸਰਕਾਰੀ ਹਸਪਤਾਲ ਫੇਜ਼-6 ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਤਮੰਨਾ ਦੇ ਮਾਪਿਆਂ ਨੂੰ ਸੌਂਪ ਦਿੱਤਾ, ਜੋ ਆਪਣੀ ਲਾਡਲੀ ਧੀ ਦੀ ਲਾਸ਼ ਲੈ ਕੇ ਮੰਡੀ ਗੋਬਿੰਦਗੜ੍ਹ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਤਮੰਨਾ ਦਾ ਸੁਹਰਾ ਪਰਿਵਾਰ ਸਾਰਿਆਂ ਨੂੰ ਝਕਾਨੀ ਦੇ ਕੇ ਹਸਪਤਾਲ ’ਚੋਂ ਫਰਾਰ ਹੋ ਗਿਆ।
ਉਧਰ, ਸੋਨਲ ਪੁਲੀਸ ਦੇ ਏਐਸਆਈ ਰਾਕੇਸ਼ ਗੁਲੇਰੀਆ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਲੜਕੀ ਤਮੰਨਾ ਦੇ ਮਾਪਿਆਂ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਸੁਹਰੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਤੇ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮਾਪਿਆਂ ਦੀ ਮੰਗ ’ਤੇ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …