
ਅਕਾਲੀ ਆਗੂ ਜਥੇਦਾਰ ਲੰਗਾਹ ਮਾਮਲੇ ਸਬੰਧੀ ਟਕਸਾਲੀ ਆਗੂਆਂ ਦੀ ਭੇਦਭਰੀ ਚੁੱਪੀ ਚਿੰਤਾ ਦਾ ਵਿਸ਼ਾ: ਨਿਸ਼ਾਂਤ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਸ਼ਿਵ ਸੈਨਾ ਹਿੰਦ ਦੀ ਇਕ ਮੀਟਿੰਗ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਫਿਲਮ ਮਾਮਲੇ ਵਿਚ ਟਕਸਾਲੀ ਸਿੱਖ ਨੇਤਾ ਚੁੱਪ ਕਿਉੱ ਹਨ, ਹੁਣ ਉਹ ਲੰਗਾਹ ਬਾਰੇ ਕੋਈ ਬਿਆਨਬਾਜੀ ਕਿਉੱ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਜਦੋੱ ਸੰਨੀ ਦਿਉਲ ਦੀ ਫਿਲਮ ਬੋਲੇ ਸੋ ਨਿਹਾਲ ਆਈ ਸੀ ਤਾਂ ਇਹਨਾਂ ਟਕਸਾਲੀ ਆਗੂਆਂ ਨੇ ਬਹੁਤ ਰੌਲਾ ਪਾਇਆ ਸੀ ਅਤੇ ਕਿਹਾ ਸੀ ਕਿ ਸੰਨੀ ਦਿਉਲ ਨੇ ਪੱਗ ਬੰਨ ਕੇ ਘੱਟ ਕਪੜੇ ਪਾਉਣ ਵਾਲੀਆਂ ਹੀਰੋਇਨਾਂ ਨਾਲ ਡਾਂਸ ਕੀਤਾ ਸੀ, ਜਦੋਂ ਕਿ ਹੁਣ ਤਾਂ ਅੰਮ੍ਰਿਤਧਾਰੀ ਅਤੇ ਸ੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਅਹਿਮ ਅਹੁਦਿਆਂ ਉਪਰ ਰਹੇ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਫਿਲਮ ਬਾਰੇ ਇਹ ਟਕਸਾਲੀ ਆਗੂ ਕੁਝ ਵੀ ਨਹੀਂ ਬੋਲ ਰਹੇ।
ਉਹਨਾਂ ਕਿਹਾ ਕਿ ਅਕਾਲੀ ਭਾਜਪਾ ਦੇ ਆਗੂ ਵੀ ਇਸ ਮਾਮਲੇ ਉਪਰ ਬਿਲਕੁਲ ਹੀ ਚੁੱਪ ਹਨ ਅਤੇ ਇਸ ਤਰ੍ਹਾਂ ਟਕਸਾਲੀ ਆਗੂਆਂ ਵਾਂਗ ਉਹ ਵੀ ਸੁੱਚਾ ਸਿੰਘ ਲੰਗਾਹ ਦੀ ਹਮਾਇਤ ਕਰ ਰਹੇ ਹਨ। ਪਰੰਤੂ ਇਹ ਆਗੂ ਪੀੜਤ ਮਹਿਲਾ ਦੀ ਤਕਲੀਫ ਨਹੀਂ ਸਮਝ ਰਹੇ। ਉਹਨਾਂ ਕਿਹਾ ਕਿ ਲੰਗਾਹ ਮਾਮਲੇ ਵਿਚ ਚੁੱਪੀ ਧਾਰਨ ਕਾਰਨ ਹੁਣ ਟਕਸਾਲੀ ਆਗੂਆਂ, ਅਕਾਲੀ ਭਾਜਪਾ ਆਗੂਆਂ ਦੀ ਦੋਹਰੀ ਮਾਨਸਿਕਤਾ ਜੱਗਜਾਹਿਰ ਹੋ ਗਈ ਹੈ ਅਤੇ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਚਲ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਆਗੂਆਂ ਅਤੇ ਪਾਰਟੀਆਂ ਦਾ ਲੋਕਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਹੈ।