ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਵਰਸੋਏ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਦੀ 51ਵੀਂ ਬਰਸੀ ਨੂੰ ਸਮਰਪਿਤ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲੇ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 (ਲੰਬਿਆਂ) ਵਿਖੇ ਸਾਲਾਨਾ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਹਨ। ਅੱਜ ਇਸ ਸਮਾਗਮ ਤਹਿਤ ਨਿਰੰਤਰ ਆਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਦਿੱਲੀ ਦੀ ਸਰਹੱਦਾਂ ’ਤੇ ਧਰਨੇ ਉੱਤੇ ਕਿਸਾਨਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਸੰਤ ਮਹਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਭਾਈ ਅਮਰਾਓ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਢੱਕੀ ਸਾਹਿਬ ਮਨੌਲੀ ਸੈਕਟਰ-82 ਵਿਖੇ ਪਹੁੰਚ ਕੇ ਸੰਪੂਰਨ ਹੋਇਆ। ਇਸ ਤੋਂ ਪਹਿਲਾਂ ਫੇਜ਼-11 ਵਿੱਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਹੇਠ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਰਸਤੇ ਵਿੱਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ ਅਤੇ ਥਾਂ-ਥਾਂ ਲੰਗਰ ਲਗਾਏ ਗਏ ਅਤੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲੇ, ਭਾਈ ਅਮਰਾਓ ਸਿੰਘ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਯੂਥ ਆਗੂ ਜਸਰਾਜ ਸਿੰਘ ਸੋਨੂੰ, ਪ੍ਰੀਤਮ ਸਿੰਘ ਪ੍ਰਧਾਨ ਫੇਜ਼-1, ਸਮਾਜ ਸੇਵੀ ਗੁਰਮੀਤ ਸਿੰਘ ਵਾਲੀਆ, ਮਨਜੀਤ ਸਿੰਘ ਸੈਣੀ, ਉਦਮ ਸਿੰਘ ਭਬਾਤ, ਜਗਦੀਪ ਸਿੰਘ, ਬਲਜੀਤ ਸਿੰਘ ਸਾਲਾਪੁਰ, ਬਲਬੀਰ ਸਿੰਘ ਖਾਲਸਾ, ਹਰਪਾਲ ਸਿੰਘ ਸੋਢੀ ਸਮੇਤ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ।

Load More Related Articles

Check Also

ਪਟਿਆਲਾ ਹਿੰਸਾ: ਪੰਜਾਬ ਦੀ ‘ਆਪ’ ਸਰਕਾਰ ਦਾ ਵੱਡਾ ਐਕਸ਼ਨ

ਪਟਿਆਲਾ ਹਿੰਸਾ: ਪੰਜਾਬ ਦੀ ‘ਆਪ’ ਸਰਕਾਰ ਦਾ ਵੱਡਾ ਐਕਸ਼ਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਪਟਿਆਲਾ, 30 ਅਪਰੈ…