ਗੁਰੂ ਗੋਬਿੰਦ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਨਗਰ ਕੀਰਤਨ ਕੱਢਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਜੀ ਤੋਂ ਅਰੰਭ ਹੋ ਕੇ ਪੂਰੇ ਇਲਾਕੇ ਦੀ ਪ੍ਰਕਰਮਾ ਕਰਦਾ ਹੋਇਆ, ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਉਨ੍ਹਾਂ ਦੇ ਪਿੱਛੇ ਉਚੇਚੇ ਤੌਰ ਤੇ ਗੱਡੀ ਦੀ ਬਣਾਈ ਗਈ ਸ਼ੀਸ਼ੇ ਦੀ ਆਲੀਸ਼ਾਨ ਪਾਲਕੀ ਸਾਹਿਬ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਿਰਾਜਮਾਨ ਕਰਵਾਏ ਗਏ ਸਨ। ਇਸ ਪਾਲਕੀ ਸਾਹਿਬ ਜੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਪਾਲਕੀ ਸਾਹਿਬ ਜੀ ਦੇ ਪਿੱਛੇ ਰਾਗੀ ਸਿੰਘਾਂ ਅਤੇ ਸੰਗਤਾਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦਾ ਗਾਇਨ ਕੀਤਾ ਜਾ ਰਿਹਾ ਸੀ।
ਇਸ ਮੌਕੇ ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਗ ਲਿਆ। ਨਗਰ ਕੀਰਤਨ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਫੌਜੀ ਬੈਂਡ, ਸਕੂਲੀ ਬੱਚਿਆਂ ਦੇ ਬੈਂਡ ਅਤੇ ਹੋਰ ਕਈ ਬੈਂਡ ਵਾਲਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ । ਨਗਰ ਕੀਰਤਨ ਦੇ ਪੂਰੇ ਰਸਤੇ ਨੂੰ ਸਵਾਗਤੀ ਗੇਟਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਦਾ ਥਾਂ-ਥਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਸੰਗਤਾਂ ਵੱਲੋਂ ਥਾਂ ਥਾਂ ਤੇ ਚਾਹ, ਬ੍ਰੈੱਡ ਪਕੌੜੇ, ਮਠਿਆਈਆਂ, ਸੁੱਕੇ ਮੇਵਿਆਂ ਦਾ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ 8 ਜਨਵਰੀ ਨੂੰ ਦਸਵੀ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ। ਇਸ ਦਿਨ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਇਸ ਦਿਨ ਅੰਮ੍ਰਿਤ ਸੰਚਾਰ ਦਾ ਆਯੋਜਨ ਸਵੇਰੇ 10 ਵਜੇ ਕੀਤਾ ਜਾਵੇਗਾ ਅੰਮ੍ਰਿਤ ਅਭਿਲਾਖੀ ਪ੍ਰਾਣੀ ਦਫ਼ਤਰ ਵਿੱਚ ਨਾਂ ਦਰਜ ਕਰਾਉਣ। ਗੁਰੂ ਕਾ ਲੰਗਰ ਅਤੁਟ ਵਰਤੇਗਾ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …