
ਗੁਰਦੁਆਰਾ ਤਾਲਮੇਲ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
ਨਿਊਜ਼ ਡੈਸਕ ਸਰਵਿਸ
ਮੁਹਾਲੀ, 4 ਦਸੰਬਰ
ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇੱਥੋਂ ਦੇ ਫੇਜ਼-4 ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ’ਚੋਂ ਅਰਦਾਸ ਕਰਨ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਨਗਰ ਕੀਰਤਨ ਬੋਗਨਵਿਲੀਆ ਪਾਰਕ ਤੋਂ ਹੁੰਦਾ ਹੋਇਆ ਮਾਰਕੀਟ ਫੇਜ਼-5, ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹ ਫੇਜ਼-5, ਪੀਸੀਐਲ ਚੌਂਕ, ਫੇਜ਼ 3/5 ਦੀਆਂ ਟਰੈਫ਼ਿਕ ਲਾਈਟਾਂ, ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1, ਗੁਰਦੁਆਰਾ ਅੰਬ ਸਾਹਿਬ ਫੇਜ਼-8 ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫੇਜ਼-9 ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਇਸ ਤੋਂ ਪਹਿਲਾਂ ਨਗਰ ਕੀਰਤਨ ਦਾ ਰਸਤੇ ਵਿੱਚ ਵੱਖ-ਵੱਖ ਗੁਰਦੁਆਰਾ ਕਮੇਟੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਜ਼ਿਲ੍ਹਾ ਅਕਾਲੀ ਦਲ ਜਥਾ ਸ਼ਹਿਰੀ ਨੇ ਸਵਾਗਤ ਕੀਤਾ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ।
ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਜਨਰਲ ਸਕੱਤਰ ਬਲਵਿੰਦਰ ਸਿੰਘ ਟੌਹੜਾ, ਅਮਰਜੀਤ ਸਿੰਘ ਪਾਹਵਾ ਪ੍ਰਧਾਨ ਗੁਰਦੁਆਰਾ ਸਾਹਿਬ ਫੇਜ਼-4, ਮਹਿੰਦਰ ਸਿੰਘ ਕਾਨਪੁਰੀ ਜਨਰਲ ਸਕੱਤਰ, ਇੰਦਰਜੀਤ ਸਿੰਘ ਮੀਤ ਪ੍ਰਧਾਨ, ਅਕਾਲੀ ਕੌਂਸਲਰ ਗੁਰਮੁਖ ਸਿੰਘ ਸੋਹਲ, ਗੁਰਦੁਆਰਾ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਗੁਰਦੁਆਰਾ ਸਾਚਾ ਧੰਨ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ, ਜਗਤਾਰ ਸਿੰਘ ਵਾਲੀਆ, ਪਰਮਿੰਦਰ ਸਿਘ ਬੰਟੀ, ਬੀਬੀਆਂ ਦੇ ਜਥੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫੇਜ਼-4, ਅਜੀਤ ਕੌਰ, ਜੋਗਿੰਦਰ ਕੌਰ, ਦਿਆਲ ਸਿੰਘ, ਨਸੀਬ ਸਿੰਘ ਸੰਧੂ, ਬਲਦੇਵ ਸਿੰਘ, ਕਰਤਾਰ ਸਿੰਘ, ਸੁਖਪਾਲ ਸਿੰਘ, ਸੰਤ ਸਿੰਘ, ਹਰਿੰਦਰਪਾਲ ਸਿੰਘ ਮਾਨ ਵੀ ਮੌਜੂਦ ਸਨ।
ਉਧਰ, ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਅਤੇ ਜ਼ਿਲ੍ਹਾ ਅਕਾਲੀ ਦਲ (ਪਛੜੀ ਸ਼੍ਰੇਣੀਆਂ ਵਿੰਗ) ਦੇ ਪ੍ਰਧਾਨ ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਦੁਕਾਨਦਾਰਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਂਟ ਕੀਤੇ ਗਏ ਅਤੇ ਪੰਜ ਪਿਆਰਿਆਂ ਨੂੰ ਸ਼ਾਲਾਂ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਤਰਨਜੀਤ ਸਿੰਘ, ਬਲਬੀਰ ਸਿੰਘ, ਤੇਜਿੰਦਰ ਸਿੰਘ, ਸ਼ੇਰ ਸਿੰਘ, ਪਰਵਿੰਦਰ ਸਿੰਘ, ਅਜੇ ਕੁਮਾਰ ਤੇ ਅਰੁਣ ਕੁਮਾਰ ਵੀ ਹਾਜ਼ਰ ਸਨ।