
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼ਹਿਰ ਤੇ ਪਿੰਡਾਂ ਵਿੱਚ ਨਗਰ ਕੀਰਤਨ ਸਜਾਏ
ਨਬਜ਼-ਏ-ਪੰਜਾਬ, ਮੁਹਾਲੀ, 12 ਅਪਰੈਲ:
ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਅਤੇ ਪਿੰਡ ਭਾਗੋਮਾਜਰਾ ਦੀ ਸੰਗਤ ਨੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ। ਮੁਹਾਲੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸਾਹਿਬਵਾੜਾ ਪਾਤਸ਼ਾਹੀ ਨੌਵੀਂ ਫੇਜ਼-5 ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ। ਜੋ ਫੇਜ਼-5 ਦੀ ਮਾਰਕੀਟ, ਚੀਮਾ ਹਸਪਤਾਲ, ਬੋਗਨਵਿਲੀਆ ਪਾਰਕ, ਐਚਐਮ ਬਲਾਕ ਫੇਜ਼-4, ਗੁਰਦੁਆਰਾ ਕਲਗੀਧਰ ਸਿੰਘ ਸਭਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1, ਪੁਰਾਣਾ ਡੀਸੀ ਦਫ਼ਤਰ, ਫਰੈਂਕ ਹੋਟਲ, ਗੁਰਦੁਆਰਾ ਸਾਹਿਬ ਫੇਜ਼-2, ਗਿਆਨ ਜਯੋਤੀ ਗਲੋਬਲ ਸਕੂਲ, ਮਦਨਪੁਰਾ ਚੌਂਕ, ਗੁਰਦੁਆਰਾ ਰਾਮਗੜ੍ਹੀਆ ਫੇਜ਼-3ਬੀ1, ਜਨਤਾ ਮਾਰਕੀਟ, ਗੁਰਦੁਆਰਾ ਸਾਚਾ ਧਨ ਸਾਹਿਬ, ਫੇਜ਼-7 ਮਾਰਕੀਟ, ਸੰਤ ਈਸ਼ਰ ਸਿੰਘ ਸਕੂਲ, ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ-70, ਮੁੰਡੀ ਕੰਪਲੈਕਸ, ਪੈਰਾਗਾਨ ਸਕੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-71 ਵਿਖੇ ਪਹੁੰਚ ਕੇ ਸਮਾਪਤ ਹੋਇਆ।

ਇੰਜ ਹੀ ਪਿੰਡ ਬੈਂਰੋਪੁਰ-ਭਾਗੋਮਾਜਰਾ ਦੀ ਸੰਗਤ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਪਿੰਡ ਬੈਂਰੋਪੁਰ ਤੋਂ ਨਗਰ ਕੀਰਤਨ ਸ਼ੁਰੂ ਹੋਇਆ। ਰਸਤੇ ਵਿੱਚ ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਨੌਜਵਾਨਾਂ ਤੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ। ਪਿੰਡ ਭਾਗੋਮਾਜਰਾ ਅਤੇ ਬੈਂਰੋਪੁਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂਘਰ ਬੈਂਰੋਪੁਰ ਵਿਖੇ ਪਹੁੰਚ ਕੇ ਨਗਰ ਕੀਰਤਨ ਸਮਾਪਤ ਹੋਇਆ। ਜਿੱਥੇ ਪਿੰਡ ਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।