
ਪੰਜਾਬ ਦੇ ਨੰਬਰਦਾਰਾਂ ਨੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਦੱਸੀਆਂ ਸਮੱਸਿਆਵਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਨੰਬਰਦਾਰਾਂ ਦਾ ਵਫ਼ਦ ਅੱਜ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਮਿਲਿਆ। ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਨੇ ਸ੍ਰ. ਲਾਲ ਸਿੰਘ ਨੂੰ ਇੱਕ ਮੰਗ ਸੌਂਪਦਿਆਂ ਮੰਗ ਕੀਤੀ ਕਿ ਨੰਬਰਦਾਰਾਂ ਦੀ ਜੱਦੀ ਪੁਸ਼ਟੀ ਦੀ ਮੰਗ ਪਹਿਲ ਦੇ ਆਧਾਰ ’ਤੇ ਪੂਰੀ ਕੀਤੀ ਜਾਵੇ ਅਤੇ ਬਾਕੀ ਰਹਿੰਦੇ ਨੰਬਰਦਾਰਾਂ ਨੂੰ ਮਾਣ ਭੱਤਾ ਦਿੱਤਾ ਜਾਵੇ ਅਤੇ ਦਫ਼ਤਰੀ ਗਤੀਵਿਧੀਆਂ ਲਈ ਤਹਿਸੀਲ ਪੱਧਰ ’ਤੇ ਸਬ ਡਿਵੀਜ਼ਨ ਪ੍ਰਸ਼ਾਸਕੀ ਕੰਪਲੈਕਸਾਂ ਵਿੱਚ ਕਮਰਾ ਅਲਾਟ ਕਰਨ, ਮੁਫ਼ਤ ਬੱਸ ਸਫ਼ਰ ਦੀ ਸੁਵਿਧਾ ਸਮੇਤ ਪਿੰਡ ਲਾਂਡਰਾਂ-ਸਰਹਿੰਦ ਸੜਕ ’ਤੇ ਉਸਾਰੀ ਅਧੀਨ ਨੰਬਰਦਾਰਾਂ ਭਵਨ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ।
ਸ੍ਰੀ ਮਾਨ ਨੇ ਕਿਹਾ ਕਿ ਅਗਸਤ ਮਹੀਨੇ ਹੋਈ ਭਾਰੀ ਬਾਰਸ਼ ਕਾਰਨ ਕਿਸਾਨਾਂ ਦੀਆਂ ਨੁਕਸਾਨੀਆਂ ਫਸਲਾਂ ਦਾ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਨਿਭਾਉਂਦਿਆਂ ਬੈਂਕਾਂ ਨੂੰ ਚਿੱਠੀ ਪੱਤਰ ਜਾਰੀ ਕੀਤਾ ਜਾਵੇ ਅਤੇ ਬੈਂਕ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਕਿਸਾਨਾਂ ਨੂੰ ਨੋਟਿਸ ਜਾਰੀ ਕਰਕੇ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ। ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਈਸਰਹੇਲ, ਮੀਤ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਤੇ ਮਾਨ ਸਿੰਘ ਅਲੀਪੁਰ, ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਰਮੇਸ਼ ਲਾਂਬਾ, ਤਹਿਸੀਲ ਦੁੱਧਣਸਾਧਾ (ਪਟਿਆਲਾ) ਦੇ ਪ੍ਰਧਾਨ ਕਰਮਜੀਤ ਸਿੰਘ, ਸਤਨਾਮ ਸਿੰਘ ਮਾਨ ਬਲੌਂਗੀ ਵੀ ਹਾਜ਼ਰ ਸਨ।