Share on Facebook Share on Twitter Share on Google+ Share on Pinterest Share on Linkedin ਨਾਮਧਾਰੀ ਮਾਤਾ ਚੰਦ ਕੌਰ ਹੱਤਿਆ ਕੇਸ: ਸੀਬੀਆਈ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਮੁਲਜ਼ਮ ਗ੍ਰਿਫ਼ਤਾਰ ਮੁਹਾਲੀ ਅਦਾਲਤ ਨੇ ਮੁਲਜ਼ਮ ਪਲਵਿੰਦਰ ਸਿੰਘ ਡਿੰਪਲ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਅਦਾਲਤ ਵੱਲੋਂ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੇ ਆਦੇਸ਼, ਅੱਧਾ ਘੰਟਾ ਵਕੀਲ ਨੂੰ ਮਿਲਣ ਦੀ ਆਗਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ: ਪੰਜਾਬ ਦੇ ਬਹੁ ਚਰਚਿਤ ਨਾਮਧਾਰੀ ਸੰਪਰਦਾਇ ਦੀ ਮਾਤਾ ਚੰਦ ਕੌਰ ਹੱਤਿਆ ਮਾਮਲੇ ਵਿੱਚ ਸੀਬੀਆਈ ਨੇ ਸ਼ੱਕ ਦੇ ਆਧਾਰ ’ਤੇ ਇਕ ਮੁਲਜ਼ਮ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਵੱਲੋਂ ਅੱਜ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਡਿੰਪਲ ਵਾਸੀ ਜਨਤਾ ਕਲੋਨੀ ਨਵੀਂ ਦਿੱਲੀ ਨੂੰ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਤਾ ਚੰਦ ਕੌਰ ਹੱਤਿਆ ਮਾਮਲੇ ਸਬੰਧੀ ਮੁਲਜ਼ਮ ਤੋਂ ਪੁੱਛਗਿੱਛ ਲਈ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਪਲਵਿੰਦਰ ਪਿਛਲੇ ਸਾਲ ਤੋਂ ਲੁਧਿਆਣਾ ਵਿੱਚ ਟਿਫ਼ਨ ਬੰਬ ਧਮਾਕਾ ਅਤੇ ਕਤਲ ਦੇ ਮਾਮਲੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਅੱਜ ਪਹਿਲੇ ਮਾਮਲੇ ਦੀ ਸੁਣਵਾਈ ਲਈ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ਤ ਕੀਤਾ ਗਿਆ ਸੀ। ਜਿੱਥੋਂ ਸੀਬੀਆਈ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਸੀਬੀਆਈ ਦੀ ਜਾਂਚ ਟੀਮ ਨੇ ਅਦਾਲਤ ਵਿੱਚ ਇਕ ਅਰਜ਼ੀ ਦੇ ਕੇ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਪਲਵਿੰਦਰ ਕੋਲੋਂ ਮਾਤਾ ਚੰਦ ਕੌਰ ਦੇ ਕਤਲ ਕੇਸ ਸਬੰਧੀ ਵੱਖ ਵੱਖ ਪਹਿਲੂਆਂ ’ਤੇ ਪੁੱਛਗਿੱਛ ਕਰਨੀ ਹੈ ਤਾਂ ਜੋ ਮਾਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਵਾਲੇ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ। ਉਧਰ, ਬਚਾਅ ਪੱਖ ਦੇ ਵਕੀਲਾਂ ਰਣਜੋਧ ਸਿੰਘ ਸਰਾਓ ਅਤੇ ਜਗਵਿੰਦਰ ਸਿੰਘ ਸੰਤਵਾਲ ਨੇ ਮੁਲਜ਼ਮ ਪਲਵਿੰਦਰ ਦੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਪਲਵਿੰਦਰ ਦਾ ਨਾਮਧਾਰੀ ਮਾਤਾ ਚੰਦ ਕੌਰ ਦੀ ਹੱਤਿਆ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ੍ਰੀ ਸਰਾਓ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਪਲਵਿੰਦਰ ਸਿੰਘ ਉਰਫ਼ ਡਿੰਪਲ 9 ਜਨਵਰੀ 2016 ਤੋਂ ਲੈ ਕੇ 10 ਅਕਤੂਬਰ 2018 ਤੱਕ ਵਿਦੇਸ਼ ਵਿੱਚ ਰਿਹਾ ਹੈ ਜਦੋਂਕਿ ਮਾਤਾ ਚੰਦ ਕੌਰ ਦੀ ਹੱਤਿਆ 4 ਅਪਰੈਲ 2016 ਨੂੰ ਹੋਈ ਸੀ। ਪਿਛਲੇ ਸਾਲ 11 ਅਕਤੂਬਰ ਨੂੰ ਵਿਦੇਸ਼ ’ਚੋਂ ਵਤਨ ਵਾਪਸ ਪਰਤਦੇ ਸਮੇਂ ਪੁਲੀਸ ਨੇ ਉਨ੍ਹਾਂ ਨੂੰ ਲੁਧਿਆਣਾ ਵਿੱਚ ਹੋਏ ਟਿਫ਼ਨ ਬੰਬ ਧਮਾਕੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਗ੍ਰਿਫ਼ਤਾਰੀ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਪਲਵਿੰਦਰ ਸਿੰਘ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੰਦਿਆਂ ਸੀਬੀਆਈ ਨੂੰ ਹਦਾਇਤ ਕੀਤੀ ਗਈ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਅਦਾਲਤ ਨੇ ਇਹ ਵੀ ਆਦੇਸ਼ ਦਿੱਤੇ ਕਿ ਮੁਲਜ਼ਮ ਡਿੰਪਲ ਦਾ ਰੋਜ਼ਾਨਾ ਮੈਡੀਕਲ ਕਰਵਾਇਆ ਜਾਵੇ ਅਤੇ ਦਿਨ ਵਿੱਚ ਘੱਟੋ ਘੱਟ ਅੱਧਾ ਘੰਟਾ ਬਚਾਅ ਪੱਖ ਦੇ ਵਕੀਲਾਂ ਨੂੰ ਮੁਲਜ਼ਮ ਨਾਲ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਮਾਤਾ ਚੰਦ ਕੌਰ ਨੇ ਆਪਣੇ ਛੋਟੇ ਭਤੀਜੇ ਉਦੈ ਸਿੰਘ ਨਾਮਧਾਰੀ ਨੂੰ ਡੇਰੇ ਦੀ ਸੇਵਾ ਸੰਭਾਲੀ ਗਈ ਸੀ ਜਦੋਂਕਿ ਦੂਜੇ ਧੜੇ ਨੇ ਮਹਾਰਾਜ ਵੀਰ ਸਿੰਘ ਦੇ ਵੱਡੇ ਸਪੁੱਤਰ ਦਲੀਪ ਸਿੰਘ ਨੂੰ ਗੱਦੀ ਸੰਭਾਲੀ ਗਈ ਸੀ। ਇਸ ਤਰ੍ਹਾਂ ਨਾਮਧਾਰੀ ਸੰਪਰਦਾਇ ਨਾਲ ਜੁੜੀ ਸੰਗਤ ਨੇ ਦੋਵਾਂ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ। ਦੋਵਾਂ ਧੜਿਆਂ ਵਿੱਚ ਵਿਰੋਧ ਚਲਦਾ ਆ ਰਿਹਾ ਸੀ ਕਿ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਮਾਤਾ ਚੰਦ ਕੌਰ ਨੂੰ 4 ਅਪਰੈਲ 2016 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੇਕਿਨ ਪਹਿਲਾਂ ਪੰਜਾਬ ਪੁਲੀਸ ਅਤੇ ਇਸ ਤੋਂ ਬਾਅਦ ਹੁਣ ਤੱਕ ਸੀਬੀਆਈ ਕਾਤਲਾਂ ਬਾਰੇ ਸੁਰਾਗ ਲਗਾਉਣ ਵਿੱਚ ਪੁਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਮਾਮਲੇ ਵਿੱਚ ਡਿੰਪਲ ਦੀ ਸ਼ੱਕ ਦੇ ਆਧਾਰ ’ਤੇ ਪਹਿਲੀ ਗ੍ਰਿਫ਼ਤਾਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ