ਬਾਦਲ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ’ਤੇ ਦਰਜ ਹੋਵੇਗਾ: ਨਵਜੋਤ ਸਿੱਧੂ

ਪੰਜਾਬ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਕਰਨ ਲਈ ਥੋੜਾ ਸਮਾਂ ਹੋਰ ਦਿਓ: ਮਨਪ੍ਰੀਤ ਬਾਦਲ

ਅਕਾਲੀ-ਭਾਜਪਾ ਗੱਠਜੋੜ ਦਾ ਬੋਰੀਆ ਬਿਸਤਰਾ ਪੱਕੇ ਤੌਰ ’ਤੇ ਗੋਲ ਹੋ ਚੁੱਕਿਐ: ਧਰਮਸੋਤ

ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਵੋਟ ਦਾ ਮੁੱਲ ਮੋੜਿਆ ਜਾਵੇਗਾ: ਸੁਨੀਲ ਜਾਖੜ

ਨਬਜ਼-ਏ-ਪੰਜਾਬ ਬਿਊਰੋ, ਪਿੰਡ ਛਪਾਰ (ਲੁਧਿਆਣਾ), 6 ਸਤੰਬਰ:
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਇਥੋਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਆਰਥਿਕ ਤੌਰ ’ਤੇ ਤੋੜ ਦਿੱਤਾ ਹੈ। ਜਿਸ ਕਾਰਨ ਇਸ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ’ਤੇ ਦਰਜ ਹੋਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਦੇ ਸਮੇਂ ਨੂੰ ਆਰਥਿਕ ਅੱਤਵਾਦ ਦੇ ਦੌਰ ਵਜੋਂ ਯਾਦ ਕੀਤਾ ਜਾਂਦਾ ਰਹੇਗਾ। ਅੱਜ ਇਤਿਹਾਸਕ ਪਿੰਡ ਛਪਾਰ ਦੇ ਮੇਲੇ ਦੌਰਾਨ ਭਰਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਤਾਂ ਦਿੱਤਾ ਪਰ ਇਸ ਨਾਅਰੇ ਮੁਤਾਬਿਕ ਕੰਮ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਖ਼ਜ਼ਾਨੇ ਨੂੰ ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਆਪਣੇ ਨਿੱਜੀ ਲਾਭ ਲਈ ਵਰਤਿਆ ਕਿ ਅੱਜ ਪੰਜਾਬ ਅਤੇ ਇਥੋਂ ਦੇ ਲੋਕ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਸਾਰੇ ਕਾਰੋਬਾਰਾਂ ’ਤੇ ਕਬਜ਼ਾ ਅਤੇ ਏਕਾਅਧਿਕਾਰ ਸਥਾਪਤ ਕਰਨ ਦੀ ਨੀਅਤ ਨਾਲ ਸੂਬੇ ਨੂੰ ਰੱਜ ਕੇ ਲੁੱਟਿਆ। ਜਿਸ ਕਾਰਨ ਬਾਦਲ ਪਰਿਵਾਰ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਦਾ ਨਾਮ ਇਤਿਹਾਸ ਦੇ ਪੰਨਿਆਂ ’ਤੇ ਕਾਲੇ ਅੱਖ਼ਰਾਂ ਵਿੱਚ ਦਰਜ ਹੋਵੇਗਾ। ਜਦਕਿ ਪਿਛਲੇ 10 ਸਾਲਾਂ ਨੂੰ ਇਤਿਹਾਸ ਵਿੱਚ ਆਰਥਿਕ ਅੱਤਵਾਦ ਦੇ ਦੌਰ ਦੇ ਨਾਮ ਨਾਲ ਜਾਣਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਜਬਰ ਵਿਰੋਧੀ ਲਹਿਰ ਨੂੰ ਰਾਜਨੀਤਕ ਡਰਾਮਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਖੁਦ ਜ਼ਬਰ ਕਰਦੇ ਰਹੇ ਹੋਣ, ਉਹ ਲੋਕਾਂ ਵੱਲੋਂ ਚੁਣੀ ਗਈ ਸਰਕਾਰ ’ਤੇ ਕਿਹੜੇ ਮੂੰਹ ਨਾਲ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੀ ਬਰਗਾੜੀ ਕਾਂਡ, ਅਬੋਹਰ ਖੇਤਰ ਵਿੱਚ ਦਲਿਤ ਦੀ ਦਰਦਨਾਕ ਹੱਤਿਆ, ਮੋਗਾ ਬੱਸ ਕਾਂਡ ਅਤੇ ਹੋਰ ਕਾਂਡ ਹੋਏ। ਇਸ ਤੋਂ ਇਲਾਵਾ ਸਰਕਾਰ ਦੀ ਸ਼ਹਿ ’ਤੇ ਚੱਲੇ ਨਸ਼ੇ ਦੇ ਦੌਰ ਨੇ ਕਈ ਨੌਜਵਾਨਾਂ ਦੀ ਜਾਨ ਲੈ ਲਈ, 7000 ਤੋਂ ਵਧੇਰੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਿੰਡ ਛਪਾਰ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਕੁਸ਼ਾਸ਼ਨ ਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਲੱਖਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿੱਥੇ ਅਕਾਲੀ ਭਾਜਪਾ ਗਠਜੋੜ ਨੂੰ 10 ਸਾਲ ਦਾ ਸਮਾਂ ਦਿੱਤਾ, ਉਥੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕੁਝ ਹੋਰ ਸਮਾਂ ਦੇਣ ਤਾਂ ਜੋ ਪੰਜਾਬ ਨੂੰ ਆਰਥਿਕ ਤੌਰ ’ਤੇ ਪੈਰ੍ਹਾਂ ਸਿਰ ਕਰਕੇ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਦੇ ਪੈਸੇ ਦੀ ਰੱਜ ਕੇ ਦੁਰਵਰਤੋਂ ਕੀਤੀ। ਨਤੀਜਾ ਇਹ ਹੋਇਆ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਮੌਕੇ ਪੰਜਾਬ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ।
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਨੂੰ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਚੁੰਗਲ ਵਿੱਚੋਂ ਕੱਢਣ ਲਈ ਪੰਜਾਬ ਦੇ ਲੋਕਾਂ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚੋਂ ਅਕਾਲੀ ਭਾਜਪਾ ਗਠਜੋੜ ਦਾ ਹੁਣ ਪੂਰੀ ਤਰ੍ਹਾਂ ਬੋਰੀਆ ਬਿਸਤਰਾ ਗੋਲ ਹੋ ਚੁੱਕਾ ਹੈ। ਸੂਬੇ ਦੇ ਲੋਕ ਹੁਣ ਮੁੜ ਉਸ ਪੁਰਾਣੇ ਦੌਰ ਵਿੱਚ ਜਾਣਾ ਤਾਂ ਦੂਰ, ਉਸ ਦੌਰ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਵੋਟ ਦਾ ਮੁੱਲ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਬਾਰੇ ਅਕਾਲੀ ਭਾਜਪਾ ਗਠਜੋੜ ਵੱਲੋਂ ਕਿਸਾਨਾਂ ਨੂੰ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਕਿਸਾਨਾਂ ਦਾ ਕਰਜ਼ਾ ਜਲਦ ਹੀ ਪੂਰੀ ਤਰ੍ਹਾਂ ਮੁਆਫ਼ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਨੇ ਕਿਸਾਨੀ ਕਰਜ਼ੇ ਲਾਹੁਣ ਅਤੇ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਬਾਰੇ ਸੋਚਿਆ ਹੁੰਦਾ ਤਾਂ ਅੱਜ ਸੂਬੇ ਦਾ ਕਿਸਾਨ ਖੁਸ਼ਹਾਲ ਹੁੰਦਾ ਅਤੇ ਵਿਕਾਸ ਵਿੱਚ ਦੁੱਗਣਾ ਯੋਗਦਾਨ ਪਾ ਰਿਹਾ ਹੁੰਦਾ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਪੇਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਸ਼ਾਵਾਂ ਅਤੇ ਸਧਰਾਂ ਪੂਰੀਆਂ ਹੁੰਦੀਆਂ ਦੇਖਣ ਲਈ ਸਰਕਾਰ ਨੂੰ ਥੋੜਾ ਜਿਹਾ ਸਮਾਂ ਜ਼ਰੂਰ ਦੇਣ। ਉਨ੍ਹਾਂ ਭਾਰੀ ਇਕੱਠ ਲਈ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਅਮਰੀਕ ਸਿੰਘ ਢਿੱਲੋਂ, ਸੰਜੇ ਤਲਵਾੜ, ਲਖਬੀਰ ਸਿੰਘ ਲੱਖਾ, ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ, ਮੇਜਰ ਸਿੰਘ ਭੈਣੀ, ਜੱਸੀ ਖੰਗੂੜਾ, ਆਨੰਦ ਸਰੂਪ ਮੋਹੀ, ਪਰਮਜੀਤ ਸਿੰਘ ਘਵੱਦੀ, ਭੁਪਿੰਦਰ ਸਿੰਘ ਸਿੱਧੂ, ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਡਾ. ਅਮਰ ਸਿੰਘ, ਗੁਰਦੀਪ ਸਿੰਘ ਸਰਪੰਚ ਤੇ ਹਰਜਿੰਦਰ ਸਿੰਘ ਢੀਂਡਸਾ (ਸਹਾਇਕ ਬਿੱਟੂ) ਤੋਂ ਇਲਾਵਾ ਕਈ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…