
ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਨੰਦ ਸਿੰਘ ਰਿਹਾਅ, ਸਿੱਖ ਰਿਲੀਫ਼ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ ਪਟੀਸ਼ਨ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 14 ਨਵੰਬਰ:
ਬੰਦੀ ਸਿੰਘ ਨੰਦ ਸਿੰਘ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਭਾਈ ਨੰਦ ਸਿੰਘ 1995 ਤੋਂ ਜੇਲ ਵਿੱਚ ਨਜ਼ਰਬੰਦ ਸਨ ਅਤੇ ਸਮੇਂ-ਸਮੇਂ ‘ਤੇ ਛੁੱਟੀ ਕੱਟਣ ਲਈ ਪਰਿਵਾਰ ਵਿੱਚ ਆਉਂਦੇ ਰਹੇ ਹਨ। ਨੰਦ ਸਿੰਘ ਨੂੰ ਮੁਕੱਦਮਾ ਨੰਬਰ 22\13-02-1995 ਪੁਲੀਸ ਥਾਣਾ ਈਸਟ ਚੰਡੀਗੜ੍ਹ, ਅਧੀਨ ਧਰਾਵਾਂ 302,380,392, 120ਬੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 1995 ਤੋਂ ਹੁਣ ਤੱਕ ਜੇਲ੍ਹ ਵਿੱਚ ਸਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਿਹਾਈ ਦੀ ਅਰਜ਼ੀ ਰੱਦ ਕਰਨ ਤੋਂ ਬਾਅਦ ਸਿੱਖ ਰਿਲੀਫ਼ ਨੇ 2014 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿਚ ਨਾਮਵਰ ਵਕੀਲ ਰਾਜਵਿੰਦਰ ਸਿੰਘ ਬੈਂਸ ਰਾਹੀਂ ਪੱਕੀ ਰਿਹਾਈ ਦੀ ਰਿੱਟ ਪਾਈ ਗਈ ਸੀ। ਹਾਈਕੋਰਟ ਵਿੱਚ ਪਾਈ ਪਟੀਸ਼ਨ ‘ਤੇ 31 ਅਕਤੂਬਰ ਨੂੰ ਸੁਣਵਾਈ ਦੌਰਾਨ ਸਰਕਾਰੀ ਪੱਖ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਰਕਾਰ ਭਾਈ ਨੰਦ ਸਿੰਘ ਨੂੰ ਰਿਹਾਅ ਕਰ ਰਹੀ ਹੈ।
(ਕੌਣ ਹੈ ਨੰਦ ਸਿੰਘ)
ਜਾਣਕਾਰੀ ਅਨੁਸਾਰ ਨੰਦ ਸਿੰਘ ਕੋਈ ਖਾੜਕੂ ਸਿੰਘ ਨਹੀਂ ਸੀ। ਉਸ ਵੱਲੋਂ ਹੋਇਆ ਕਤਲ ਆਮ ਕਤਲ ਸੀ, ਉਸ ਦਾ ਨਾਂ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਜੋੜ ਕੇ ਉਸ ਦਾ ਸਬੰਧ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੋੜਿਆ ਗਿਆ ਸੀ। ਇਸ ਕਰਕੇ ਉਸ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ।
ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਸਿੱਖ ਰਿਲੀਫ਼ ਵੱਲੋਂ ਐਡਵੋਕੇਟ ਬੀਬੀ ਕੁਲਵਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਪਹੁੰਚ ਕੇ ਭਾਈ ਨੰਦ ਸਿੰਘ ਦੀ ਰਿਹਾਈ ਲਈ ਜ਼ਰੂਰੀ ਕਾਨੂੰਨੀ ਕਾਰਵਾਈ ਪੂਰੀ ਕਰਵਾਈ ਅਤੇ ਉਨ੍ਹਾਂ ਦੀ ਰਿਹਾਈ ਲਈ 15000-15000 ਦੇ ਦੋ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਸੰਭਵ ਹੋਈ। ਉਨ੍ਹਾਂ ਕਿਹਾ ਕਿ ਭਾਈ ਲਾਲ ਸਿੰਘ ਅਤੇ ਭਾਈ ਸ਼ਬੇਗ ਸਿੰਘ ਦੀ ਵੀ ਜਲਦ ਹੀ ਰਿਹਾਈ ਦੀ ਉਮੀਦ ਹੈ।
ਸਿੱਖ ਰੀਲੀਫ਼ ਸਮੁੱਚੀ ਕੌਮ ਨੂੰ ਨੰਦ ਸਿੰਘ ਦੀ ਰਿਹਾਈ ਦੀ ਵਧਾਈ ਦਿੰਦੀ ਹੈ ਤੇ ਵਚਨ ਕਰਦੀ ਹੈ ਕਿ ਸੰਗਤ ਦੇ ਸਹਿਯੋਗ ਨਾਲ ਹਮੇਸ਼ਾ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜਦੀ ਰਹੇਗੀ। ਨੰਦ ਸਿੰਘ ਦੀ ਰਿਹਾਈ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਖ ਰਿਲੀਫ ਦੇ ਨੁਮਾਇੰਦੇ ਪਰਮਿੰਦਰ ਸਿੰਘ, ਨੰਦ ਸਿੰਘ ਦੇ ਮਾਮਾ ਹਰਵਿੰਦਰ ਸਿੰਘ, ਐਡਵੋਕੇਟ ਬੀਬੀ ਕੁਲਵਿੰਦਰ ਕੌਰ ਅਤੇ ਜਸਵਿੰਦਰ ਸਿੰਘ ਅਨੰਦਪੁਰ ਸਾਹਿਬ ਵੀ ਹਾਜ਼ਰ ਸਨ। ਸਿੱਖ ਰਿਲੀਫ਼ ਯੂਕੇ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਂਦੀ ਰਹੀ ਹੈ।