ਨਾਂਦੇੜ ਕਤਲ ਮਾਮਲਾ: ਪੰਜਾਬ ਪੁਲੀਸ ਵੱਲੋਂ ਬੱਬਰ ਖ਼ਾਲਸਾ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮ ਜਗਦੀਸ਼ ਜੱਗਾ ਨੂੰ ਮੁਹਾਲੀ ਅਤੇ ਸ਼ੁਭਦੀਪ ਸਿੰਘ ਨੂੰ ਸੰਨੀ ਐਨਕਲੇਵ ਖਰੜ ’ਚੋਂ ਕੀਤਾ ਕਾਬੂ

ਦੋਵੇਂ ਮੁਲਜ਼ਮਾਂ ਖ਼ਿਲਾਫ਼ ਐਸਐਸਓਸੀ ਦੇ ਮੁਹਾਲੀ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 23 ਫਰਵਰੀ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਨੇ ਸਰਹੱਦੋਂ ਪਾਰ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦਿਆਂ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਦੇ ਦੋ ਕਾਰਕੁਨਾਂ ਨੂੰ ਮੁਹਾਲੀ ’ਚੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਲਜ਼ਮਾਂ ਵਿੱਚ ਨਾਂਦੇੜ ਕਤਲ ਕਾਂਡ ਵਿੱਚ ਸ਼ਾਮਲ ਮੁੱਖ ਸ਼ੂਟਰ ਵੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਜਗਦੀਸ਼ ਸਿੰਘ ਉਰਫ਼ ਜੱਗਾ ਵਾਸੀ ਹਰੀਕੇ ਪਤਣ (ਤਰਨਤਾਰਨ) ਅਤੇ ਉਸ ਦੇ ਸਾਥੀ ਸ਼ੁਭਦੀਪ ਸਿੰਘ ਵਾਸੀ ਪਿੰਡ ਜੋਨੇਕੇ (ਤਰਨਤਾਰਨ) ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਐਸਐਸਓਸੀ ਦੇ ਮੁਹਾਲੀ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ .32 ਬੋਰ ਦੇ ਦੋ ਨਾਜਾਇਜ਼ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਨਾਂਦੇੜ ਵਿੱਚ ਬੀਤੀ 10 ਫਰਵਰੀ ਨੂੰ ਇੱਕ ਸਿੱਖ ਕਲੋਨੀ ਦੇ ਬਾਹਰ ਗੁਰਦੁਆਰਾ ਗੇਟ ਨੰਬਰ-6 ਦੇ ਨੇੜੇ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆਏ ਗੁਰਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਸੀ। ਗੁਰਮੀਤ ਸਾਲ 2016 ਵਿੱਚ ਪਾਕਿਸਤਾਨ ਆਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਭਰਾ ਦੇ ਕਤਲ ਦਾ ਦੋਸ਼ੀ ਸੀ, ਨੂੰ ਸੱਟਾਂ ਲੱਗੀਆਂ ਸਨ ਪਰ ਉਦੋਂ ਉਹ ਬਚ ਗਿਆ ਸੀ। ਹਾਲਾਂਕਿ ਉਸਦਾ ਸਾਥੀ ਰਵਿੰਦਰ ਰਾਠੌੜ ਹਮਲੇ ਤੋਂ ਬਾਅਦ ਗੰਭੀਰ ਸੱਟਾਂ ਕਾਰਨ ਦਮ ਤੋੜ ਗਿਆ ਸੀ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਜਗਦੀਸ਼ ਜੱਗਾ ਪੰਜਾਬ ਵਾਪਸ ਆ ਗਿਆ, ਜਿੱਥੇ ਸ਼ੁਭਦੀਪ ਸਿੰਘ ਨੇ ਉਸਦੇ ਲੁਕਣ ਲਈ ਸਹੂਲਤ ਦਿੱਤੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਵੇਂ ਮੁਲਜ਼ਮ ਸਿੱਧੇ ਤੌਰ ’ਤੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਾਸੀਅਨ ਨਾਲ ਜੁੜੇ ਹੋਏ ਸਨ। ਮੁਲਜ਼ਮ ਜੱਗਾ ਨੇ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ’ਤੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਕਤਲ ਕਰਨ ਸਮੇਤ ਇੱਕ ਹੋਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਨੇ ਇੱਕ ਵੱਡੇ ਤਾਲਮੇਲ ਵਾਲੇ ਅਤਿਵਾਦੀ ਅਪਰੇਸ਼ਨ ਦੇ ਹਿੱਸੇ ਵਜੋਂ ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਡੀਜੀਪੀ ਅਨੁਸਾਰ ਇਸ ਮਾਮਲੇ ਵਿੱਚ ਅਤਿਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਐਸਐਸਓਸੀ ਮੁਹਾਲੀ ਦੇ ਏਆਈਜੀ ਡਾ. ਸਿਮਰਤ ਕੌਰ ਨੇ ਕਿਹਾ ਕਿ ਪੁਲੀਸ ਨੇ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਮੁਲਜ਼ਮ ਸ਼ੁਭਦੀਪ ਸਿੰਘ ਨੂੰ ਸੰਨੀ ਐਨਕਲੇਵ ਖਰੜ ’ਚੋਂ .32 ਬੋਰ ਦੇ ਪਿਸਤੌਲ ਅਤੇ ਦੋ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਸ਼ੁਭਦੀਪ ਨੇ ਨਾਂਦੇੜ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਗਦੀਸ਼ ਸਿੰਘ ਉਰਫ਼ ਜੱਗਾ ਨੂੰ ਛੁਪਣਗਾਹਾਂ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਵਿੱਚ ਆਪਣੀ ਭੂਮਿਕਾ ਦਾ ਖ਼ੁਲਾਸਾ ਕੀਤਾ ਹੈ। ਐਸਐਸਓਸੀ ਟੀਮ ਨੇ ਮੁਹਾਲੀ ਦੇ ਫੇਜ਼-1 ’ਚੋਂ ਜਗਦੀਸ਼ ਸਿੰਘ ਉਰਫ਼ ਜੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਉਸਦੇ ਕਬਜ਼ੇ ’ਚੋਂ .32 ਬੋਰ ਦਾ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…