ਨਾਂਦੇੜ ਕਤਲ ਮਾਮਲਾ: ਬੱਬਰ ਖ਼ਾਲਸਾ ਦੇ ਤਿੰਨ ਹੋਰ ਕਾਰਕੁਨ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਮੁਲਜ਼ਮ ਜੱਗੀ ਨੇ ਸ਼ੂਟਰਾਂ ਲਈ ਸੁਰੱਖਿਅਤ ਘਰਾਂ ਤੇ ਤਾਲਮੇਲ ਲਈ ਨਿਭਾਈ ਸੀ ਅਹਿਮ ਭੂਮਿਕਾ: ਡੀਜੀਪੀ ਗੌਰਵ ਯਾਦਵ
ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਨੇ ਨਾਂਦੇੜ ਕਤਲ ਕੇਸ ਵਿੱਚ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਦੇ ਤਿੰਨ ਹੋਰ ਕਾਰਕੁਨਾਂ ਨੂੰ ਨਾਜਾਇਜ਼ ਹਥਿਆਰ ਅਤੇ ਗੋਲਾ ਬਰੂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ ਤੇ ਸ਼ੁਭਮ ਖੇਲਬੁਦੇ ਦੋਵੇਂ ਵਾਸੀ ਨਾਂਦੇੜ (ਮਹਾਰਾਸ਼ਟਰ) ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਪਿੰਡ ਰਾਏਪੁਰ (ਰੂਪਨਗਰ) ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਪਾਕਿਸਤਾਨ ਆਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਕਹਿਣ ’ਤੇ ਕੰਮ ਕਰਦੇ ਸੀ। ਪੁਲੀਸ ਨੇ ਉਨ੍ਹਾਂ ਕੋਲੋਂ 12 ਬੋਰ ਪੰਪ-ਐਕਸ਼ਨ ਬੰਦੂਕ, 15 ਕਾਰਤੂਸ ਅਤੇ .32 ਬੋਰ ਪਿਸਤੌਲ ਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਬੀਤੀ 21 ਫਰਵਰੀ ਨੂੰ ਐਸਐਸਓਸੀ ਦੇ ਮੁਹਾਲੀ ਥਾਣੇ ਵਿੱਚ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਜਗਜੀਤ ਉਰਫ਼ ਜੱਗੀ ਨੇ ਨਾਂਦੇੜ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ ਲਈ ਲੌਜਿਸਟਿਕਸ, ਸੁਰੱਖਿਅਤ ਘਰਾਂ ਅਤੇ ਤਾਲਮੇਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਦਾ ਮਾਸਟਰਮਾਈਂਡ ਸਰਹੱਦੋਂ ਪਾਰ ਅਤਿਵਾਦੀ ਹਰਵਿੰਦਰ ਰਿੰਦਾਂ ਨੇ ਬਣਾਇਆ ਸੀ। ਜਾਂਚ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ, ਜੋ ਰਿੰਦਾ ਦਾ ਪੁਰਾਣਾ ਸਾਥੀ ਸੀ, ਦੀ ਭੂਮਿਕਾ ਦਾ ਵੀ ਖ਼ੁਲਾਸਾ ਹੋਇਆ ਹੈ, ਜਿਸਨੇ ਮੁਲਜ਼ਮਾਂ ਲਈ ਪੰਜਾਬ ਵਿੱਚ ਸੁਰੱਖਿਅਤ ਪਨਾਹਗਾਹਾਂ ਦਾ ਪ੍ਰਬੰਧ ਕੀਤਾ ਸੀ।
ਉਨ੍ਹਾਂ ਕਿਹਾ ਕਿ ਮੁਲਜ਼ਮ ਜਗਜੀਤ ਉਰਫ਼ ਜੱਗੀ ਕਤਲ, ਕਤਲ ਦੀ ਕੋਸ਼ਿਸ਼, ਧਮਕੀ ਅਤੇ ਜਬਰੀ ਵਸੂਲੀ ਲਈ ਡਰਾਉਣ-ਧਮਕਾਉਣ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦਾ ਹੈ, ਜਦੋਂਕਿ ਸ਼ੁਭਮ ਨਾਂਦੇੜ, ਮਹਾਰਾਸ਼ਟਰ ਵਿੱਚ ਧਮਕੀ ਅਤੇ ਜਬਰੀ ਵਸੂਲੀ ਨਾਲ ਸਬੰਧਤ ਮਾਮਲਿਆਂ ਵਿੱਚ ਲੋੜੀਂਦਾ ਹੈ, ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਆਇਆ ਸੀ।
ਡੀਜੀਪੀ ਨੇ ਕਿਹਾ ਕਿ ਮੁਲਜ਼ਮ ਜੱਗੀ ਅਤੇ ਸ਼ੁਭਮ, ਹਰਵਿੰਦਰ ਰਿੰਦਾ ਦੇ ਆਦੇਸ਼ਾਂ ’ਤੇ ਨਾਂਦੇੜ ਵਿੱਚ ਆਪਣੇ ਹੋਰ ਆਪਰੇਟਿਵਾਂ ਲਈ ਹਥਿਆਰਾਂ ਦੀ ਖ਼ਰੀਦ, ਜਬਰੀ ਵਸੂਲੀ, ਲੌਜਿਸਟਿਕ ਸਹਾਇਤਾ ਅਤੇ ਪਨਾਹ ਸਮੇਤ ਵੱਖ-ਵੱਖ ਗੈਰ-ਕਾਨੂੰਨੀ ਗਤੀਵਿਧੀਆਂ ਸਬੰਧੀ ਆਪਸੀ ਤਾਲਮੇਲ ਕਰਨ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਗੁਰਦੀਪ ਉਰਫ਼ ਦੀਪਾ ਨੂੰ ਭਗੌੜੇ ਜੱਗੀ ਅਤੇ ਸ਼ੁਭਮ ਨੂੰ ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੀਪਾ ਨੇ ਮੁਲਜ਼ਮਾਂ ਦੇ ਭੱਜਣ ਅਤੇ ਅਪਰਾਧਿਕ ਗਤੀਵਿਧੀਆਂ ਜਾਰੀ ਰੱਖਣ ਵਿੱਚ ਭੂਮਿਕਾ ਨਿਭਾਈ ਹੈ।
ਐਸਐਸਓਸੀ ਦੇ ਏਆਈਜੀ ਡਾ. ਸਿਮਰਤ ਕੌਰ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ਤੋਂ ਬਾਅਦ ਮੁਹਾਲੀ ਟੀਮ ਨੇ ਸ਼ੁਭਮ ਖੇਲਬੁਦੇ ਨੂੰ ਗੁਰਦੀਪ ਦੀਪਾ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿੱਥੇ ਉਹ ਇੱਕ ਰੇਤ ਕਰੱਸ਼ਰ ਵਿੱਚ ਪਨਾਹ ਲੈ ਰਿਹਾ ਸੀ। ਇਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਜਗਜੀਤ ਉਰਫ਼ ਜੱਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸ਼ੁਭਮ ਕੋਲੋਂ .32 ਬੋਰ ਦਾ ਪਿਸਤੌਲ ਅਤੇ ਗੁਰਦੀਪ ਕੋਲੋਂ ਇੱਕ ਪੰਪ ਐਕਸ਼ਨ ਗੰਨ ਬਰਾਮਦ ਕੀਤੀ ਹੈ। ਏਆਈਜੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।