
ਨਾਰੀ ਸ਼ਕਤੀ ਪੁਰਸਕਾਰ, 2019 ਲਈ ਨਾਮਜ਼ਦਗੀਆਂ ਦੀ ਮੰਗ
ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਬੇਮਿਸਾਲ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਦਿੱਤੇ ਜਾਣਗੇ ਐਵਾਰਡ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਦਸੰਬਰ:
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਨਾਰੀ ਸ਼ਕਤੀ ਪੁਰਸਕਾਰ-2019 ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ। ਇਹ ਐਵਾਰਡ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਮਾਜ ਵਿੱਚ ਔਰਤਾਂ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 8 ਮਾਰਚ 2020 ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਗਭਗ 40 ਨਾਰੀ ਸ਼ਕਤੀ ਪੁਰਸਕਾਰ ਦਿੱਤੇ ਜਾਣਗੇ। ਬੁਲਾਰੇ ਨੇ ਐਵਾਰਡ ਲਈ ਯੋਗਤਾ ਦੇ ਮਾਪਦੰਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਵਿਅਕਤੀ, ਗਰੁੱਪ ਅਤੇ ਸੰਸਥਾਵਾਂ ਇਸ ਦੇ ਯੋਗ ਹਨ। ਵਿਅਕਤੀਗਤ ਬਿਨੈਕਾਰ ਘੱਟੋ-ਘੱਟ 25 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ। ਸੰਸਥਾਵਾਂ ਨੂੰ ਇਸ ਖੇਤਰ ਵਿੱਚ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਵੇ।
ਬੁਲਾਰੇ ਨੇ ਦੱਸਿਆ ਕਿ www.narishaktipuruskar.wcd.gov.in ਪੋਰਟਲ ‘ਤੇ ਭੇਜੀਆਂ ਗਈਆਂ ਆਨਲਾਈਨ ਨਾਮਜ਼ਦਗੀਆਂ/ਅਰਜ਼ੀਆਂ ਹੀ ਵਿਚਾਰੀਆਂ ਜਾਣਗੀਆਂ। ਨਾਮਜ਼ਦਗੀਆਂ/ਅਰਜ਼ੀਆਂ ਦੇਣ ਦੀ ਆਖਿਰੀ ਮਿਤੀ 7 ਜਨਵਰੀ 2020 ਹੈ। ਬੁਲਾਰੇ ਨੇ ਦੱਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਵੈੱਬਸਾਈਟ (wcd.nic.in) ਤੋਂ ਗਾਈਡਲਾਈਨਜ਼ ਤੇ ਅਰਜ਼ੀ ਫਾਰਮ ਡਾਊਨਲੋਡ ਕੀਤੇ ਜਾ ਸਕਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਾਮਜ਼ਦਗੀ ਲਈ ਲੋੜੀਂਦੇ ਦਸਤਾਵੇਜ਼ www.narishaktipuruskar.wcd.gov.in ‘ਤੇ ਜਮ੍ਹਾ ਕੀਤੇ ਜਾਣੇ ਹਨ ਜਾਂ ਡਾਇਰੈਕਟਰ, ਸੋਸ਼ਲ ਸਕਿਓਰਿਟੀ ਅਤੇ ਮਹਿਲਾ ਤੇ ਬਾਲ ਵਿਕਾਸ ਪੰਜਾਬ, ਐਸਸੀਓ ਨੰ. 102-103, ਸੈਕਟਰ-34-ਏ ਚੰਡੀਗੜ੍ਹ, email:srcwpunjab@gmail.com ‘ਤੇ ਭੇਜੇ ਜਾ ਸਕਦੇ ਹਨ।