nabaz-e-punjab.com

ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਨੱਥੋਵਾਲ ਸਕੂਲ ਦਾ ਪ੍ਰਿੰਸੀਪਲ ਤੇ ਦੋ ਹੋਰ ਅਧਿਆਪਕ ਮੁਅੱਤਲ

ਪੁਲੀਸ ਜਾਂਚ ਤੇ ਅਧਿਆਪਕਾਂ ਦੀ ਗ੍ਰਿਫ਼ਤਾਰੀ ਤੋਂ ਕੀਤੀ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਵਿਦਿਆਰਥਣ ਨਾਲ ਬਲਾਤਕਾਰ ਮਗਰੋਂ ਗਰਭਪਾਤ ਦੇ ਮਾਮਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਜ਼ਿਲ੍ਹਾ ਲੁਧਿਆਣਾ ਦੇ ਪ੍ਰਿੰਸੀਪਲ ਭਾਰਤ ਭੂਸ਼ਨ ਸਮੇਤ ਹਰਜੀਤ ਸਿੰਘ ਪੰਜਾਬੀ ਮਾਸਟਰ ਸਸਸਸ ਨੱਥੋਵਾਲ ਜ਼ਿਲ੍ਹਾ ਲੁਧਿਆਣਾ (ਹੁਣ ਸਸਸਸ ਮਾਣੂਕੇ ਜ਼ਿਲ੍ਹਾ ਲੁਧਿਆਣਾ) ਅਤੇ ਸੁਖਵੀਰ ਸਿੰਘ ਗਣਿਤ ਮਾਸਟਰ ਸਸਸਸ ਨੱਥੋਵਾਲ ਜ਼ਿਲ੍ਹਾ ਲੁਧਿਆਣਾ (ਹੁਣ ਸਸਸਸ ਮਾਣੂਕੇ ਜ਼ਿਲ੍ਹਾ ਲੁਧਿਆਣਾ) ਤਿੰਨੋ ਕਰਮਚਾਰੀਆਂ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਗਿਆ ਹੈ। ਇਹਨਾਂ ਦਾ ਹੈੱਡ ਕੁਆਰਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੋਗਾ ਵਿੱਚ ਨਿਸ਼ਚਿਤ ਕੀਤਾ ਹੈ।
ਡੀਪੀਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਵਿਭਾਗ ਨੂੰ ਸਖਤੀ ਨਾਲ ਆਦੇਸ਼ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ ਸਸਸਸ ਨੱਥੋਵਾਲ ਸਕੂਲ ਦੀ ਮਾੜੀ ਘਟਨਾ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੂੰ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ ਵਿਭਾਗ ਨੇ ਇਹਨਾਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਮੁਅੱਤਲੀ ਦੇ ਆਦੇਸ਼ਾਂ ਵਿੱਚ ਥਾਣਾ ਹਠੂਰ ਜ਼ਿਲ੍ਹਾ ਲੁਧਿਆਣਾ ਵਿਖੇ ਦਰਜ ਐੱਫ.ਆਈ.ਆਰ. ਨੰਬਰ 0037 ਮਿਤੀ 8-2-2018 ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਵੱਲੋਂ ਭੇਜੀ ਗਈ ਮੁੱਢਲੀ ਪੜਤਾਲ ਰਿਪੋਰਟ ਦੇ ਸਨਮੁੱਖ ਤਤਕਾਲ ਸਮੇਂ ਤੋਂ ਪ੍ਰਿੰਸੀਪਲ ਭਾਰਤ ਭੂਸ਼ਨ, ਹਰਜੀਤ ਸਿੰਘ ਪੰਜਾਬੀ ਮਾਸਟਰ ਅਤੇ ਸੁਖਵੀਰ ਸਿੰਘ ਗਣਿਤ ਮਾਸਟਰ ਨੂੰ ਮਅੱਤਲ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਬਹੁਤ ਹੀ ਜ਼ਿਆਦਾ ਨੈਂਤਿਕ ਜ਼ਿੰਮੇਵਾਰੀ ਅਧਿਆਪਕ ਵਰਗ ਦੀ ਹੈ। ਕਿਸੇ ਵੀ ਅਧਿਆਪਕ ਵੱਲੋਂ ਸਕੂਲਾਂ ਅੰਦਰ ਨੈਂਤਿਕ ਕਦਰਾਂ ਕੀਮਤਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਜਲਦ ਹੀ ਮੁਕੰਮਲ ਕਰਵਾ ਕੇ ਦੋਸ਼ੀਆਂ ਵਿਰੁੱਧ ਤੁਰੰਤ, ਸਖਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖਿਆ ਵਿਭਾਗ ਦਾ ਕਰਮਚਾਰੀ ਅਜਿਹੀ ਕਾਰਵਾਈ ਪ੍ਰਤੀ ਸੋਚ ਵੀ ਨਾ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮਾਸਟਰ ਹਰਜੀਤ ਸਿੰਘ ਨੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾ ਲਏ ਸੀ ਅਤੇ ਜਦੋਂ ਵਿਦਿਆਰਥਣ ਗਰਭਵਤੀ ਹੋ ਗਈ ਤਾਂ ਹਰਜੀਤ ਸਿੰਘ ਅਤੇ ਸਕੂਲ ਮੁਖੀ ਭਾਰਤ ਭੂਸ਼ਨ ਨੇ ਪੀੜਤ ਵਿਦਿਆਰਥਣ ਨੂੰ ਡਰਾ ਧਮਕਾ ਕੇ ਅਤੇ ਉਸ ਦੇ ਮਾਪਿਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਗਰਭਪਾਤ ਕਰਵਾ ਦਿੱਤਾ। ਹਾਲਾਂਕਿ ਇਸ ਘਿਣਾਉਣੇ ਕਾਰੇ ਸਬੰਧੀ ਹੋਰਨਾਂ ਅਧਿਆਪਕਾਂ ਨੂੰ ਪਤਾ ਸੀ ਪ੍ਰੰਤੂ ਉਨ੍ਹਾਂ ਨੇ ਸਕੂਲ ਅਤੇ ਅਧਿਆਪਕ ਵਰਗ ਦੀ ਬਦਨਾਮੀ ਦੇ ਡਰੋਂ ਇਸ ਮਾਮਲੇ ਨੂੰ ਦਬਾ ਦਿੱਤਾ। ਇਸ ਮਾਮਲੇ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਸੋਸ਼ਲ ਮੀਡੀਆ ’ਤੇ ਸਕੂਲ ਮੁਖੀ ਤੇ ਮੁਲਜ਼ਮ ਅਧਿਆਪਕ ਦੀ ਹੋਈ ਗੱਲਬਾਤ ਬਾਰੇ ਆਡੀਓ ਵਾਇਰਲ ਹੋ ਗਈ। ਇਸ ਮਗਰੋਂ ਜ਼ਿਲ੍ਹਾ ਲੁਧਿਆਣਾ ਪੁਲੀਸ ਨੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਉਕਤ ਅਧਿਆਪਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …