
ਮੁਹਾਲੀ ਵਿੱਚ ਮਾਰਕੀਟ ਦੇ ਪਿੱਛੇ ਮ੍ਰਿਤਕ ਮਿਲਿਆ ਰਾਸ਼ਟਰੀ ਪੰਛੀ ‘ਮੋਰ’
ਜੰਗਲੀ ਜੀਵ ਵਿਭਾਗ ਨੇ ਮ੍ਰਿਤਕ ਮੋਰ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਇੱਥੋਂ ਦੇ ਫੇਜ਼-2 ਦੀ ਮਾਰਕੀਟ ਦੇ ਪਿੱਛੇ (ਗਿਆਨ ਜੋਤੀ ਸਕੂਲ ਨੇੜੇ) ਅੱਜ ਸਵੇਰੇ ਨੈਸ਼ਨਲ ਪੰਛੀ ਮੋਰ ਮ੍ਰਿਤਕ ਪਿਆ ਮਿਲਿਆ। ਇਸ ਬਾਰੇ ਮਾਰਕੀਟ ਦੇ ਦੁਕਾਨਦਾਰਾਂ ਨੇ ਇਲਾਕੇ ਦੀ ਮਹਿਲਾ ਕੌਂਸਲਰ ਜਸਪ੍ਰੀਤ ਕੌਰ ਦੇ ਪਤੀ ਅਤੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਨੂੰ ਇਤਲਾਹ ਦਿੱਤੀ। ਉਨ੍ਹਾਂ ਨੇ ਅੱਗੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਜੰਗਲੀ ਜੀਵ ਵਿਭਾਗ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਮ੍ਰਿਤਕ ਮੋਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।
ਜ਼ਿਲ੍ਹਾ ਵਣ ਮੰਡਲ ਅਫ਼ਸਰ ਕੁਲਰਾਜ ਸਿੰਘ ਨੇ ਦੱਸਿਆ ਕਿ ਸਥਾਨਕ ਫੇਜ਼-2 ਵਿੱਚ ਇੱਕ ਮ੍ਰਿਤਕ ਮੋਰ ਦੀ ਜਾਣਕਾਰੀ ਮਿਲਣ ’ਤੇ ਵਿਭਾਗ ਦੀ ਟੀਮ ਭੇਜੀ ਗਈ ਅਤੇ ਮੋਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਮੋਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਕਿਉਂਕਿ ਮੋਰ ਸਾਡਾ ਰਾਸ਼ਟਰੀ ਪੰਛੀ ਹੈ ਅਤੇ ਇਹ ਵਾਇਲਡ ਲਾਈਫ਼ ਪ੍ਰੋਟੈਕਸ਼ਨ ਐਕਟ ਦੇ ਸ਼ਡਿਊਲ 1 ਵਿੱਚ ਦਰਜ ਹੈ, ਇਸ ਲਈ ਇਸ ਨੂੰ ਦਫ਼ਨਾਇਆ ਨਹੀਂ ਜਾ ਸਕਦਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਮੋਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਯੂਥ ਆਗੂ ਰਾਜਾ ਕੰਵਰਜੋਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਫੇਜ਼-3-ਏ ਵਿੱਚ ਇੱਕ ਮੋਰ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ ਅਤੇ ਉਦੋਂ ਵੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੋਰਾਂ ਦਾ ਇਸ ਤਰੀਕੇ ਨਾਲ ਰਿਹਾਇਸ਼ੀ ਖੇਤਰ ਵਿੱਚ ਆ ਕੇ ਮਰਨਾ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਸਬੰਧੀ ਡੂੰਘਾਈ ਜਾਂਚ ਹੋਣੀ ਚਾਹੀਦੀ ਹੈ ਕਿ ਮੋਰਾਂ ਦੀ ਮੌਤ ਪਿੱਛੇ ਕੀ ਕਾਰਨ ਹੋ ਸਕਦੇ ਹਨ।