Share on Facebook Share on Twitter Share on Google+ Share on Pinterest Share on Linkedin ਕੌਮੀ ਚੇਅਰਮੈਨ ਨੇ ਮੁਹਾਲੀ ਦੀ ਸਫ਼ਾਈ ਵਿਵਸਥਾ ਤੇ ਕੂੜੇ ਤੋਂ ਜੈਵਿਕ ਖਾਦ ਬਣਾਉਣ ਦੇ ਪ੍ਰਾਜੈਕਟ ਦਾ ਲਿਆ ਜਾਇਜ਼ਾ ਕੇਂਦਰ ਸਰਕਾਰ ਸਫ਼ਾਈ ਕਰਮਚਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ: ਵਾਲਜੀ ਜਾਲਾ ਸਫ਼ਾਈ ਪੱਖੋਂ ਮੁਹਾਲੀ ਸਭ ਤੋਂ ਸੋਹਣਾ ਸ਼ਹਿਰ, ਲੁਧਿਆਣਾ ਤੇ ਜਲੰਧਰ ਵਿੱਚ ਥਾਂ ਥਾਂ ’ਤੇ ਫੈਲੀ ਹੈ ਗੰਦਗੀ: ਚੇਅਰਮੈਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ: ਮੁਹਾਲੀ ਨਗਰ ਨਿਗਮ ਵਿੱਚ ਸਫ਼ਾਈ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਲਗਾਏ ਕੌਮੀ ਸੈਮੀਨਾਰ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਅਦਾਰਿਆਂ ਵੱਲੋਂ ਲਗਾਏ ਜਾਗਰੂਕਤਾ ਕੈਂਪਾਂ ਦਾ ਨਿਰੀਖਣ ਕੀਤਾ। ਸਫ਼ਾਈ ਕਰਮਚਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਧਰਮਪਾਲ ਅਤੇ ਪਵਨ ਗੋਡਿਆਲ ਨੇ ਕਿਹਾ ਕਿ ਸਫ਼ਾਈ ਕਾਮਿਆਂ ਨੂੰ ਕੰਮ ਬਰਾਬਰ ਪੂਰੀ ਤਨਖ਼ਾਹ ਮਿਲੇ ਅਤੇ ਠੇਕਾ ਪ੍ਰਣਾਲੀ ਖ਼ਤਮ ਕਰਕੇ ਪੱਕੀ ਭਰਤੀ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਦੀ ਤਰਜ਼ ’ਤੇ ਡੀਸੀ ਰੇਟ ਤੈਅ ਕੀਤੇ ਜਾਣ ਤਾਂ ਕਿ ਕਰਮਚਾਰੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ। ਸਫ਼ਾਈ ਕਰਮਚਾਰੀਆਂ ਦਾ 10 ਲੱਖ ਦਾ ਬੀਮਾ ਕਰਨ, ਵਰਦੀਆਂ ਤੇ ਹੋਰ ਸਮੱਗਰੀ ਦੇਣ, ਈਐਸਆਈ ਕਾਰਡ ਬਣਾਉਣ, ਈਪੀਐਫ਼ ਕਟੌਤੀ ਵਿੱਚ ਤਰੁੱਟੀਆਂ ਅਤੇ ਕਰਮਚਾਰੀਆਂ ਲਈ ਰਿਹਾਇਸ਼ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ। ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀਜ਼ ਭਾਰਤ ਸਰਕਾਰ ਦੇ ਚੇਅਰਮੈਨ ਮਨਹਰ ਵਾਲਜੀ ਜਾਲਾ ਅਤੇ ਮੈਂਬਰ ਸ੍ਰੀਮਤੀ ਮੰਜੂ ਦਿਲੇਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਗਰੀਬ ਵਰਗ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਸਬੰਧੀ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਫ਼ਾਈ ਕਰਮਚਾਰੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਸਵੱਛਤਾ ਅਭਿਆਨ ਦਾ ਜਾਇਜ਼ਾ ਲੈਣ ਸਮੇਤ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਸਫ਼ਾਈ ਕਰਮਚਾਰੀਆਂ ਦੇ ਬੱਚੇ ਪੜ੍ਹ ਲਿਖ ਕੇ ਉੱਚ ਅਹੁਦਿਆਂ ’ਤੇ ਵਿਰਾਜਮਾਨ ਹੋਣ। ਇਸ ਲਈ ਸਫ਼ਾਈ ਕਰਮਚਾਰੀ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦੇਣ। ਸ੍ਰੀ ਵਾਲਜੀ ਜਾਲਾ ਅਤੇ ਸ੍ਰੀਮਤੀ ਮੰਜੂ ਦਿਲੇਰ ਨੇ ਸਫ਼ਾਈ ਵਿਵਸਥਾ ਦਾ ਜਾਇਜ਼ਾ ਲੈਣ ਮੌਕੇ ਦੇਖਿਆ ਕਿ ਕਈ ਸਫ਼ਾਈ ਕਰਮਚਾਰੀਆਂ ਦੇ ਹੱਥਾਂ ਵਿੱਚ ਦਸਤਾਨੇ ਨਹੀਂ ਸਨ ਅਤੇ ਨਾ ਹੀ ਮੂੰਹ ’ਤੇ ਮਾਸਿਕ ਲੱਗਿਆ ਹੋਇਆ ਸੀ। ਉਨ੍ਹਾਂ ਮੌਕੇ ’ਤੇ ਹਾਜ਼ਰ ਕਮਿਸ਼ਨਰ ਭੁਪਿੰਦਰਪਾਲ ਸਿੰਘ ਅਤੇ ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ ਨੂੰ ਆਖਿਆ ਕਿ ਸਫ਼ਾਈ ਕਰਮਚਾਰੀਆਂ ਨੂੰ ਦਸਤਾਨੇ ਅਤੇ ਮਾਸਿਕ ਮੁਹੱਈਆ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਕੌਮੀ ਚੇਅਰਮੈਨ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸਫ਼ਾਈ ਅਤੇ ਮੋਨੀਟਰਿੰਗ ਪੱਖੋਂ ਮੁਹਾਲੀ ਪਹਿਲੇ ਸਥਾਨ ’ਤੇ ਹੈ। ਇਸ ਸਬੰਧੀ ਉਨ੍ਹਾਂ ਕਮਿਸ਼ਨਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਵੀ ਕੀਤੀ। ਜਦੋਂਕਿ ਲੁਧਿਆਣਾ ਅਤੇ ਜਲੰਧਰ ਵਿੱਚ ਜ਼ਿਆਦਾਤਰ ਥਾਵਾਂ ’ਤੇ ਬੇਸ਼ੁਮਾਰ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੌਰੇ ’ਤੇ ਹਨ। ਉਨ੍ਹਾਂ ਦੇਖਿਆ ਕਿ ਵੱਖ ਵੱਖ ਥਾਵਾਂ ’ਤੇ ਠੇਕਾ ਪ੍ਰਣਾਲੀ ਅਤੇ ਲੇਬਰ ਐਕਟ ਦੀ ਉਲੰਘਣਾ ਹੋ ਰਹੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਸਬੰਧਤ ਮੰਤਰਾਲਿਆਂ ਨੂੰ ਰਿਪੋਰਟ ਦਿੱਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸੁੱਕਾ ਅਤੇ ਗਿੱਲਾ ਕੂੜੇ ਤੋਂ ਜੈਵਿਕ ਖਾਦ ਬਣਾਉਣ ਦਾ ਫਾਰਮੂਲਾ ਸਮੁੱਚੇ ਪੰਜਾਬ ਵਿੱਚ ਲਾਗੂ ਹੋਣਾ ਚਾਹੀਦਾ ਹੈ। ਇਸ ਮੌਕੇ ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਅਤੇ ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ ਵੀ ਹਾਜ਼ਰ ਸਨ। ਜਿਨ੍ਹਾਂ ਨੇ ਕੌਮੀ ਚੇਅਰਮੈਨ ਅਤੇ ਮੈਂਬਰ ਨੂੰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਠੇਕਾ ਪ੍ਰਣਾਲੀ ਅਤੇ ਲੇਬਰ ਐਕਟ ਦੀ ਇੰਨਬਿੰਨ ਪਾਲਣਾ ਕਰਨ ਦਾ ਭਰੋਸਾ ਦਿੱਤਾ। (ਬਾਕਸ ਆਈਟਮ) ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀਜ਼ ਦੇ ਮੈਂਬਰ ਭਲਕੇ 26 ਜੁਲਾਈ ਨੂੰ ਪੰਜਾਬ ਭਵਨ ਚੰਡੀਗੜ੍ਹ ਦੀ ਥਾਂ ਹੁਣ ਯੂਟੀ ਗੈਸਟ ਹਾਊਸ ਵਿੱਚ ਪੰਜਾਬ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀਜ਼ ਭਾਰਤ ਸਰਕਾਰ ਦੇ ਚੇਅਰਮੈਨ ਮਨਹਰ ਵਾਲਜੀ ਜਾਲਾ ਅਤੇ ਮੈਂਬਰ ਸ੍ਰੀਮਤੀ ਮੰਜੂ ਦਿਲੇਰ ਅਤੇ ਸਕੱਤਰ ਨਰਾਇਣ ਦਾਸ ਸਮੇਤ ਕਮਿਸ਼ਨ ਦੇ ਹੋਰ ਉੱਚ ਅਧਿਕਾਰੀ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਯੂਟੀ ਗੈਸਟ ਹਾਊਸ ਸੈਕਟਰ-6, ਚੰਡੀਗੜ੍ਹ ਵਿੱਚ ਪੰਜਾਬ ਦੇ ਸਫ਼ਾਈ ਕਰਮਚਾਰੀਆਂ ਲਈ ਲਾਗੂ ਕੀਤੀਆਂ ਸਕੀਮਾਂ ਦਾ ਜਾਇਜ਼ਾ ਲੈਣਗੇ। ਇਸ ਮੀਟਿੰਗ ਵਿੱਚ ਪੰਜਾਬ ਦੀਆਂ ਸਫ਼ਾਈ ਕਰਮਚਾਰੀ ਯੂਨੀਅਨਾਂ/ਐਸੋਸੀਏਸ਼ਨਾਂ, ਵਿਧਾਇਕ, ਸੰਸਦ ਮੈਂਬਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਭਾਗ ਲੈਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ