Nabaz-e-punjab.com

ਗਿਆਨ ਜਯੋਤੀ ਇੰਸਟੀਚਿਊਟ ਵਿੱਚ ਰਣਨੀਤਕ ਲੀਡਰਸ਼ਿਪ ਵਿਸ਼ੇ ’ਤੇ ਕੌਮੀ ਕਾਨਫਰੰਸ

ਬ੍ਰਿਟਿਸ਼ ਕਲੋਬੀਆ ਯੂਨੀਵਰਸਿਟੀ ਦੇ ਮੀਤ ਪ੍ਰਧਾਨ ਡਾ. ਫਿਲਪ ਜੀ ਲਾਇਰਡ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ ਰਣਨੀਤਕ ਲੀਡਰਸ਼ਿਪ ਵਿਸ਼ੇ ’ਤੇ ਕੌਮੀ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਦੇਸ਼-ਵਿਦੇਸ਼ ’ਚੋਂ ਪਹੁੰਚੇ ਉੱਘੇ ਵਿਦਵਾਨਾਂ ਨੇ ਇਸ ਅਹਿਮ ਵਿਸ਼ੇ ’ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਮੁੱਖ ਬੁਲਾਰੇ ਟ੍ਰਿਨਟੀ ਵੈਸਟਰਨ ਯੂਨੀਵਰਸਿਟੀ ਬ੍ਰਿਟਿਸ਼ ਕਲੋਬੀਆ ਦੇ ਮੀਤ ਪ੍ਰਧਾਨ ਡਾ. ਫਿਲਪ ਜੀ ਲਾਇਰਡ ਨੇ 21ਵੀਂ ਸਦੀ ਵਿੱਚ ਲੀਡਰਸ਼ਿਪ ਦੇ ਗੁਣਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਅੱਜ ਵਿਸ਼ਵ-ਵਿਆਪੀ ਮਨੁੱਖੀ ਭਲਾਈ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਬੇਮਿਸਾਲ ਅਵਸਰ ਅਤੇ ਯੋਗਤਾਵਾਂ ਹਨ ਪਰ ਅਜੋਕੇ ਸਮੇਂ ਵਿੱਚ ਮਨੁੱਖ ਨੂੰ ਦਰਪੇਸ਼ ਬਹੁ-ਪੱਖੀ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਚੰਗੀ ਲੀਡਰਸ਼ਿਪ ਦੀ ਤੁਰੰਤ ਅਤੇ ਬੇਹੱਦ ਲੋੜ ਹੈ। ਇਹ ਚੁਨੌਤੀਆਂ ਇੱਕਜੁੱਟ ਗਲੋਬਲ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ, ਅੰਤਰਰਾਸ਼ਟਰੀ ਸਹਾਇਤਾ ਅਤੇ ਬਹੁ-ਹਿੱਸੇਦਾਰਾਂ ਪ੍ਰਤੀ ਵਚਨਬੱਧਤਾ, ਸੰਸਥਾਗਤ ਪ੍ਰਭਾਵ ਨੂੰ ਵਧਾਉਣ, ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਵਿਸ਼ਵ-ਵਿਆਪੀ ਸਮਾਜ ਨੂੰ ਲਾਮਬੰਦ ਕਰਨ ਦੀ ਜ਼ਰੂਰੀ ਲੋੜ ਦਾ ਪ੍ਰਤੀਬਿੰਬ ਹਨ। ਇਸ ਮੌਕੇ ਸਿੱਖਿਆ ਜਗਤ ਦੇ ਕਈ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ (ਅਕਾਦਮਿਕ) ਡਾ. ਅਨੀਤ ਬੇਦੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ।
ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਕਿਹਾ ਕਿ ਰਣਨੀਤਕ ਲੀਡਰਸ਼ਿਪ ਇਕ ਮੈਨੇਜਰ ਦੁਆਰਾ ਸੰਗਠਨ ਜਾਂ ਸੰਸਥਾ ਦੇ ਇਕ ਹਿੱਸੇ ਲਈ ਇਕ ਰਣਨੀਤਕ ਦ੍ਰਿਸ਼ਟੀਕੋਣ ਅਤੇ ਦੂਜਿਆਂ ਲਈ ਮਾਰਗ ਦਰਸ਼ਨ ਅਤੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਦੀ ਸਮਰਥਾ ਨੂੰ ਦਰਸਾਉਂਦੀ ਹੈ। ਬਿਹਤਰੀਨ ਲੀਡਰ ਦੇ ਗੁਣਾ ਸਬੰਧੀ ਉਨ੍ਹਾਂ ਕਿਹਾ ਕਿ ਇਕ ਲੀਡਰ ਨੂੰ ਨਿਰਧਾਰਿਤ ਮੰਜ਼ਲ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਇਕ ਲੀਡਰ ਨੂੰ ਆਪਣੀ ਜ਼ਿੰਮੇਵਾਰੀਆਂ ਸੰਭਾਲਣ ਦੇ ਨਾਲ ਨਾਲ ਚਿੰਤਕ ਵੀ ਹੋਣਾ ਚਾਹੀਦਾ ਹੈ। ਅਖੀਰ ਵਿੱਚ ਪ੍ਰਬੰਧਕਾਂ ਨੇ ਮੁੱਖ ਬੁਲਾਰੇ ਡਾ. ਫਿਲਪ ਜੀ ਲਾਇਰਡ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…