nabaz-e-punjab.com

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਢੇਸੀ, ਗਿੱਲ ਤੇ ਸੀਮਾ ਮਲਹੋਤਰਾ ਦੇ ਬਰਤਾਨਵੀਂ ਐਮਪੀ ਚੁਣੇ ’ਤੇ ਖੁਸ਼ੀ ਦਾ ਪ੍ਰਗਟਾਵਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੂਨ:
ਬਰਤਾਨੀਆਂ ਦੀਆਂ ਤਾਜ਼ਾ ਸੰਸਦੀ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਨੂੰ ਮਿਲੀ ਸਫਲਤਾ ’ਤੇ ਅਪਾਰ ਖੁਸ਼ੀ ਜ਼ਾਹਰ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਪੰਜਾਬੀ ਕਲਚਰਲ ਕੌਂਸਲ ਨੇ ਪਹਿਲੇ ਦਸਤਾਰਧਾਰੀ ਸਿੱਖ ਸ਼੍ਰੀ ਤਨਮਨਜੀਤ ਸਿੰਘ ਢੇਸੀ, ਪਹਿਲੀ ਸਿੱਖ ਅੌਰਤ ਸ੍ਰੀਮਤੀ ਪ੍ਰੀਤ ਕੌਰ ਗਿੱਲ ਅਤੇ ਸ੍ਰੀਮਤੀ ਸੀਮਾ ਮਲਹੋਤਰਾ ਦੀ ਹਾਊਸ ਆਫ ਕਾਮਨਜ਼ ਲਈ ਹੋਈ ਵੱਡੀ ਜਿੱਤ ’ਤੇ ਵਧਾਈ ਭੇਜੀ ਹੈ। ਇਕ ਸਾਂਝੇ ਬਿਆਨ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਪੰਜਾਬੀ ਕਲਚਰਲ ਕੌਂਸਲ ਦੇ ਮੀਤ ਪ੍ਰਧਾਨ ਰਘਬੀਰ ਚੰਦ ਸ਼ਰਮਾ ਨੇ ਸ੍ਰੀ ਢੇਸੀ, ਸ੍ਰੀਮਤੀ ਗਿੱਲ ਅਤੇ ਸ੍ਰੀਮਤੀ ਸੀਮਾ ਮਲਹੋਤਰਾ ਨੂੰ ਸੰਸਦ ਮੈਂਬਰ ਬਣਨ ’ਤੇ ਭੇਜੀ ਵਧਾਈ ਵਿੱਚ ਵੱਡੀਆਂ ਉਮੀਦਾਂ ਜਤਾਈਆਂ ਹਨ। ਉਨ੍ਹਾਂ ਕਿਹਾ ਕਿ ਸਲੋਹ ਹਲਕੇ ਦੇ ਵੋਟਰਾਂ ਨੇ ਸ੍ਰੀ ਢੇਸੀ ਵਰਗੇ ਮਿਹਨਤੀ ਤੇ ਕਾਬਲ ਨੌਜਵਾਨ ਨੂੰ ਬਰਤਾਨਵੀ ਸੰਸਦ ਵਿਚ ਭੇਜਿਆ ਹੈ ਜਿਸ ਦਾ ਅਸਰ ਸਮੁੱਚੇ ਯੂਰਪ ਵਿਚ ਉਸ ਤਰਾਂ ਪਵੇਗਾ ਜਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਸ਼ਵ ਭਰ ਵਿਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਛਵੀ ਨੂੰ ਉਜਾਗਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਅਤੇ ਸਿੱਖਾਂ ਦੀ ਆਵਾਜ਼ ਬਰਤਾਨਵੀ ਸੰਸਦ ਵਿਚ ਬਿਹਤਰ ਤਰੀਕੇ ਨਾਲ ਉਠ ਸਕੇਗੀ ਕਿਉਂਕਿ ਸ੍ਰੀ ਢੇਸੀ, ਸ੍ਰੀਮਤੀ ਗਿੱਲ ਅਤੇ ਸੀਮਾ ਮਲਹੋਤਰਾ ਬਰਤਾਨਵੀ ਭਾਈਚਾਰੇ ਵਿਚ ਪ੍ਰਵਾਨਿਤ ਅਤੇ ਆਦਰਯੋਗ ਸ਼ਖਸ਼ੀਅਤਾਂ ਹਨ ਅਤੇ ਗੁਰਦਵਾਰਿਆਂ ਦੀ ਸੰਗਤ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਚਲੰਤ ਮਾਮਲਿਆਂ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਬਿਹਤਰ ਗਿਆਨਵਾਨ ਹਨ ਅਤੇ ਉਹ ਹਾਉਸ ਆਫ ਕਾਮਨਜ਼ ਵਿਚ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦਾ ਮੁੱਦਾ ਉਠਾਉਣ ਲਈ ਬਿਹਤਰ ਯੋਗਤਾ ਰੱਖਦੇ ਹਨ। ਗੱਤਕਾ ਪ੍ਰੋਮੋਟਰ ਸ੍ਰੀ ਗਰੇਵਾਲ ਜੋ ਕਿ ਇੰਟਰ ਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਵੀ ਚੇਅਰਮੈਨ ਹਨ ਨੇ ਕਿਹਾ ਕਿ ਸ੍ਰੀ ਢੇਸੀ ਨੇ ਮਿਹਨਤ ਕਰਕੇ ਯੂ.ਕੇ. ਵਿੱਚ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁੱਲਤਾ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਯੂ.ਕੇ. ਗੱਤਕਾ ਫ਼ੈਡਰੇਸ਼ਨ ਦੇ ਪ੍ਰਧਾਨ ਵਜੋਂ ਪਿਛਲੇ ਪੰਜ ਸਾਲਾਂ ਤੋਂ ਉਹ ਲਗਾਤਾਰ ਗੱਤਕੇ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਕਰਵਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਇਸ ਜਾਏ ਨੇ ਬਤੌਰ ਕੈਂਟ ਕਾਊਂਟੀ ਦੇ ਮੇਅਰ ਵਜੋਂ ਕਾਰਜਸ਼ੀਲ ਰਹਿੰਦਿਆਂ ਵਿਦੇਸ਼ਾਂ ਵਿੱਚ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਇਸੇ ਦੌਰਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਰਘਬੀਰ ਚੰਦ ਸ਼ਰਮਾ ਨੇ ਸ਼੍ਰੀ ਵਰਿੰਦਰ ਸ਼ਰਮਾ ਦੀ ਈਲਿੰਗ, ਸਾਊਥਹਾਲ ਸੀਟ ਤੋਂ ਲਗਾਤਾਰ ਚੌਥੀ ਵਾਰ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…