nabaz-e-punjab.com

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਮੁਹਾਲੀ ਨਗਰ ਨਿਗਮ ਨੂੰ ਹਰੇ ਭਰੇ ਰੁੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼

ਸੜਕਾਂ, ਪਾਰਕਿੰਗਾਂ ਤੇ ਫੁੱਟਪਾਥ ’ਤੇ ਪੇਵਰ ਲਾਉਣ ਵੇਲੇ ਦਰਖਤਾਂ ਤੋਂ ਇਕ ਮੀਟਰ ਦਾ ਖੇਤਰ ਕੱਚਾ ਰੱਖਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਨੇ ਮੁਹਾਲੀ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰ ਵਿੱਚ ਸੜਕਾਂ ਕਿਨਾਰੇ ਖੜੇ ਦਰੱਖ਼ਤਾਂ ਦੇ ਆਸਪਾਸ ਪੇਵਰ ਬਲਾਕ ਅਤੇ ਪ੍ਰੀਮਿਕਸ ਪਾਉਣ ਵੇਲੇ ਹਰੇ ਭਰੇ ਰੁੱਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਪ੍ਰਿੰਸੀਪਲ ਚੀਫ਼ ਕੰਜਰਵੇਟਰ ਆਫ਼ ਫਾਰੇਸਟ ਦੀਆਂ ਸਿਫਾਰਸ਼ਾਂ ’ਤੇ ਇੰਨਬਿੰਨ ਅਮਲ ਕੀਤਾ ਜਾਵੇ। ਐਨਜੀਟੀ ਨੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਸੜਕਾਂ ਕਿਨਾਰੇ, ਫੁੱਟਪਾਥਾਂ, ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਪੇਵਰ ਬਲਾਕ ਲਗਾਉਣ ਅਤੇ ਪ੍ਰੀਮਿਕਸ ਪਾਉਣ ਸਮੇਂ ਦਰਖਤਾਂ ਦੀ ਜੜ੍ਹ ਵਾਲੇ ਹਿੱਸੇ ਤੋਂ ਘੱਟੋ-ਘੱਟ ਇਕ ਸਕੇਅਰ ਮੀਟਰ ਦਾ ਖੇਤਰ ਕੱਚਾ ਰੱਖਿਆ ਜਾਵੇ ਅਤੇ ਉਸ ਏਰੀਆ ਨੂੰ ਉੱਥੇ ਮਿੱਟੀ ਪਾ ਕੇ ਖੁੱਲ੍ਹਾ ਛੱਡ ਦਿੱਤਾ ਜਾਵੇ।
ਟ੍ਰਿਬਿਊਨਲ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਥਾਵਾਂ ’ਤੇ ਰੁੱਖਾਂ ਦੇ ਆਲੇ-ਦੁਆਲੇ ਪੇਵਰ ਲਗਾਏ ਜਾ ਚੁੱਕੇ ਹਨ। ਉੱਥੇ ਪੇਵਰ ਬਲਾਕਾਂ ਨੂੰ ਮਜਦੂਰਾਂ ਤੋਂ ਪੁਟਵਾ ਕੇ ਲੋੜੀਂਦੀ ਖਾਲੀ ਛੱਡੀ ਜਾਵੇ ਅਤੇ ਇਸ ਕਾਰਵਾਈ ਦੌਰਾਨ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਹਰੇ ਭਰੇ ਰੁੱਖ ਨੂੰ ਕੋਈ ਨੁਕਸਾਨ ਨਾ ਹੋਵੇ।
ਜਾਣਕਾਰੀ ਅਨੁਸਾਰ ਇਸ ਸਬੰਧੀ ਵਾਤਾਵਰਨ ਪ੍ਰੇਮੀ ਅਤੇ ਇਨਵਾਇਰਨਮੈਂਟ ਪ੍ਰੋਟੈਕਸ਼ਨ ਸੁਸਾਇਟੀ ਮੁਹਾਲੀ ਦੇ ਸਕੱਤਰ ਆਰਐਸ ਬੈਦਵਾਨ ਨੇ ਆਪਣੇ ਵਕੀਲ ਰਾਹੀਂ ਕੌਮੀ ਗ੍ਰੀਨ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਨਗਰ ਨਿਗਮ ਵੱਲੋਂ ਪਾਰਕਿੰਗਾਂ ਅਤੇ ਸੜਕਾਂ ਕਿਨਾਰੇ ਫੁੱਟਪਾਥਾਂ ਉੱਤੇ ਪੇਵਰ ਬਲਾਕ ਲਗਾਉਣ ਸਮੇਂ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਪੇਵਰ ਬਲਾਕ ਰੁੱਖਾਂ ਦੀਆਂ ਜੜ੍ਹਾਂ ਤੱਕ ਲਗਾਉਣ ਨਾਲ ਹਰੇ ਭਰੇ ਰੁੱਖਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਲਿਹਾਜ਼ਾ ਇਸ ਕਾਰਵਾਈ ’ਤੇ ਪੂਰਨ ਰੋਕ ਲਗਾਈ ਜਾਵੇ। ਵਾਤਾਵਰਨ ਪ੍ਰੇਮੀ ਦੀ ਅਪੀਲ ’ਤੇ ਕਾਰਵਾਈ ਕਰਦਿਆਂ ਜੱਜ ਆਦਰਸ਼ ਕੁਮਾਰ ਗੋਇਲ, ਐਸਪੀ ਵਾਂਗੜੀ, ਕੇ ਰਾਮਾਕ੍ਰਿਸ਼ਨ ਅਤੇ ਡਾ. ਐਨ ਨੰਦਾ ਨੇ ਪ੍ਰਿੰਸੀਪਲ ਚੀਫ਼ ਕੰਜਰਵੇਟਰ ਆਫ਼ ਫਾਰੇਸਟ ਪੰਜਾਬ ਅਤੇ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਤੋਂ ਰਿਪੋਰਟ ਤਲਬ ਕੀਤੀ ਗਈ ਸੀ।
ਉਧਰ, ਇਸ ਸਬੰਧੀ ਪ੍ਰਿੰਸੀਪਲ ਚੀਫ਼ ਕੰਜਰਵੇਟਰ ਆਫ਼ ਫਾਰੇਸਟ ਵੱਲੋਂ ਟ੍ਰਿਬਿਊਨਲ ਨੂੰ ਸੌਂਪੀ ਰਿਪੋਰਟ ਵਿੱਚ ਕਿਹਾ ਹੈ ਕਿ ਦਰਖਤਾਂ ਦੀਆਂ ਜੜ੍ਹਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਆਸ-ਪਾਸ ਦਾ ਇਕ ਮੀਟਰ ਦਾ ਖੇਤਰ ਕੱਚਾ ਛੱਡਿਆ ਜਾਣਾ ਚਾਹੀਦਾ ਹੈ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਉਸ ਖੇਤਰ ਵਿੱਚ ਮਿੱਟੀ ਭਰ ਕੇ ਉਸ ਦਾ ਲੈਵਲ ਪੇਵਰ ਦੇ ਬਰਾਬਰ ਕੀਤਾ ਜਾ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਸੜਕਾਂ ਤੰਗ ਹੋਣ ਤਾਂ ਵੀ ਘੱਟੋ-ਘੱਟ ਇਕ ਸਕੇਅਰ ਮੀਟਰ ਥਾਂ ਜ਼ਰੂਰ ਛੱਡੀ ਜਾਵੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਗਰ ਨਿਗਮ ਵੱਲੋਂ ਦਰਖਤਾਂ ਬਾਰੇ ਇਕ ਰਜਿਸਟਰ ਲਗਾਇਆ ਜਾਵੇ। ਜਿਸ ਵਿੱਚ ਦਰਖਤਾਂ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਨੂੰ ਸਾਲ ਬਾਅਦ ਅਪਡੇਟ ਕੀਤਾ ਜਾਵੇ। ਜਿਹੜੇ ਦਰਖਤਾਂ ਦੇ ਆਲੇ-ਦੁਆਲੇ ਦੀ ਥਾਂ ਪੱਕੀ ਕੀਤੇ ਜਾਣ ਕਾਰਨ ਰੁੱਖ ਨਸ਼ਟ ਹੋ ਚੁੱਕੇ ਹਨ। ਉਨ੍ਹਾਂ ਨੂੰ ਪੁੱਟ ਕੇ ਉਨ੍ਹਾਂ ਦੀ ਥਾਂ ’ਤੇ ਨਵੇਂ ਰੁੱਖ ਲਗਾਏ ਜਾਣ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਮੁਹਾਲੀ ਨਿਗਮ ਨੂੰ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਹਦਾਇਤਾਂ ਨੂੰ ਲਾਗੂ ਕਰਨ ਲਈ ਇਕ ਵਿਸ਼ੇਸ਼ ਅਧਿਕਾਰੀ (ਟਰੀ ਅਫ਼ਸਰ) ਦੀ ਨਿਯੁਕਤੀ ਕੀਤੀ ਜਾਵੇ। ਟ੍ਰਿਬਿਊਨਲ ਨੇ ਸਖ਼ਤੀ ਨਾਲ ਕਿਹਾ ਕਿ ਇਨ੍ਹਾਂ ਹਦਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਧਾਰਮਿਕ ਸਮਾਗਮ ਕਰਵਾਇਆ

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ: ਪੰਜਾਬ…