
ਨੈਸ਼ਨਲ ਹਾਈਵੇਅ: ਕਿਸਾਨਾਂ ਵੱਲੋਂ ਜ਼ਮੀਨ ਦਾ ਘੱਟ ਮੁਆਵਜ਼ਾ ਲੈਣ ਤੋਂ ਕੋਰੀ ਨਾਂਹ, ਡੀਸੀ ਨੂੰ ਸੌਂਪਿਆਂ ਮੰਗ ਪੱਤਰ
ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਦਿਨ ਦਾ ਅਲਟੀਮੇਟਮ, ਮਸਲਾ ਹੱਲ ਨਾ ਹੋਣ ’ਤੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਮੁਹਾਲੀ ਇਲਾਕੇ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਮੰਤਵ ਨਾਲ ਆਈਟੀ ਸਿਟੀ ਮੁਹਾਲੀ ਤੋਂ ਕੁਰਾਲੀ ਤੱਕ ਬਣਾਏ ਜਾਣ ਵਾਲੇ ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦਾ ਘੱਟ ਮੁਆਵਜ਼ਾ ਦੇਣ ਦਾ ਮਾਮਲਾ ਫਿਰ ਤੋਂ ਭਖ ਗਿਆ ਹੈ। ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਉਹ ਘੱਟ ਭਾਅ ’ਤੇ ਆਪਣੀ ਜ਼ਮੀਨ ਦਾ ਇਕ ਟੁਕੜਾ ਵੀ ਨਹੀਂ ਦੇਣਗੇ। ਇਸ ਸਬੰਧੀ ਅੱਜ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਮੀਤ ਪ੍ਰਧਾਨ ਚਰਨਜੀਤ ਸਿੰਘ ਸਿੰਬਲ ਮਾਜਰਾ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਜ਼ਮੀਨ ਮਾਲਕਾਂ ਨੂੰ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਡੇਰਾਬੱਸੀ ਦੀ ਤਰਜ਼ ’ਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਮੌਜੂਦਾ ਮਾਰਕੀਟ ਰੇਟ ਅਨੁਸਾਰ ਜ਼ਮੀਨਾਂ ਦਾ ਭਾਅ ਨਿਰਧਾਰਿਤ ਕਰਕੇ ਸਿਫ਼ਾਰਸ਼ ਭੇਜਣ ਦੀ ਮੰਗ ਕੀਤੀ।
ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਸਲੇ ਨੂੰ ਜਲਦੀ ਹੱਲ ਕੀਤਾ ਜਾਵੇਗਾ। ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸਾਨਾਂ ਨੇ ਇਕ ਸਾਂਝਾ ਮਤਾ ਪਾਸ ਕਰਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਦਿਨਾਂ ਵਿੱਚ ਇਹ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ ਸਬੰਧਤ ਪਿੰਡਾਂ ਦੇ ਕਿਸਾਨਾਂ ਵੱਲੋਂ ਸਮੂਹ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਿਸਾਨ ਧਰਨੇ ਦੇ ਚੁੱਕੇ ਹਨ ਪ੍ਰੰਤੂ ਚੋਣਾਂ ਕਾਰਨ ਇਹ ਮਾਮਲਾ ਠੰਢਾ ਪੈ ਗਿਆ ਸੀ ਲੇਕਿਨ ਹੁਣ ਨਵੀਂ ਸਰਕਾਰ ਦੇ ਗਠਨ ਤੋਂ ਐਨ ਪਹਿਲਾਂ ਕਿਸਾਨ ਵਿਰੋਧ ਪ੍ਰਦਰਸ਼ਨ ’ਤੇ ਉਤਰ ਆਏ ਹਨ।
ਇਸ ਮੌਕੇ ਦੀਦਾਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਜਰਨੈਲ ਸਿੰਘ, ਹਰਮੀਤ ਸਿੰਘ, ਨਿਰਮੈਲ ਸਿੰਘ, ਹਰਮੀਤ ਸਿੰਘ, ਜਸਵਿੰਦਰ ਸਿੰਘ, ਭਗਵਾਨ ਸਿੰਘ, ਨਿਰਮਲ ਸਿੰਘ, ਸ਼ੇਰ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ, ਰਾਜ ਸਿੰਘ, ਕਰਮਜੀਤ ਸਿੰਘ ਹਾਜ਼ਰ ਸਨ।