
ਇਨਸਾਫ਼ ਪ੍ਰਾਪਤੀ ਤੱਕ ਜਾਰੀ ਰਹੇਗਾ ‘ਕੌਮੀ ਇਨਸਾਫ਼ ਮੋਰਚਾ’: ਪਾਲ ਸਿੰਘ ਫਰਾਂਸ
ਨਬਜ਼-ਏ-ਪੰਜਾਬ, ਮੁਹਾਲੀ, 5 ਸਤੰਬਰ:
ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ, 328 ਲਾਪਤਾ ਸਰੂਪ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਅੱਜ ਪੱਕੇ ਮੋਰਚੇ ਵਾਲੀ ਥਾਂ ’ਤੇ ਪੱਤਰਕਾਰ ਸੰਮੇਲਨ ਦੌਰਾਨ ਸਰਕਾਰੀ ਤੰਤਰ ਅਤੇ ਸ਼ਰਾਰਤੀ ਅਨਸਰਾਂ ’ਤੇ ਸਿੱਖ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੱਕਾ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਅਤੇ ਸਿੱਖ ਮਸਲਿਆਂ ਦੇ ਨਿਪਟਾਰੇ ਤੱਕ ਸੰਗਤ ਦੇ ਸਹਿਯੋਗ ਨਾਲ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਬਾਰੇ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿੱਚ ਇਨਸਾਫ਼ ਲੋਕਾਂ ਦਾ ਮੋਰਚਾ ਖ਼ਤਮ ਕਰਨ ਜਾਂ ਪੁਲੀਸ ਵੱਲੋਂ ਜਬਰੀ ਚੁੱਕਣ ਦੀਆਂ ਕਿਆਸ-ਆਰਾਈਆਂ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਇਨਸਾਫ਼ੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੱਕਾ ਮੋਰਚਾ ਚੁੱਕ ਕੇ ਸੜਕਾਂ ਖਾਲੀ ਕਰਨ ਸਬੰਧੀ ਦਾਇਰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਮਹੀਨੇ ਦੀ ਤਰੀਕ ਅੱਗੇ ਪਾਉਂਦਿਆਂ ਪੁਲੀਸ ਪ੍ਰਸ਼ਾਸਨ ਨੂੰ ਹਲਫ਼ਨਾਮਾ ਦੇਣ ਲਈ ਕਿਹਾ ਹੈ। ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਕੌਮੀ ਇਨਸਾਫ਼ ਮੋਰਚੇ ਨਾਲ ਲਗਦੀ ਸੜਕ ਨੂੰ ਖੋਲ੍ਹਣ ਬਾਰੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਸੜਕ ਚੰਡੀਗੜ੍ਹ ਪੁਲੀਸ ਵੱਲੋਂ ਬੰਦ ਕੀਤੀ ਗਈ ਸੀ ਕਿ ਨਾ ਕੀ ਪ੍ਰਦਰਸ਼ਨਕਾਰੀ ਸਿੱਖਾਂ ਵੱਲੋਂ, ਇਸ ਨੂੰ ਹੁਣ ਪ੍ਰਸ਼ਾਸਨ ਨੇ ਖ਼ੁਦ ਹੀ ਖੋਲ੍ਹ ਦਿੱਤਾ ਹੈ ਪ੍ਰੰਤੂ ਜਿਸ ਸੜਕ ਉੱਤੇ ਕੌਮੀ ਇਨਸਾਫ਼ ਮੋਰਚੇ ਦੇ ਸ਼ੈੱਡ ਬਣਾਏ ਗਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਸੜਕ ਨਾ ਮੋਰਚੇ ਵੱਲੋਂ ਖਾਲੀ ਕੀਤੀ ਗਈ ਹੈ ਅਤੇ ਨਾ ਪੁਲੀਸ ਪ੍ਰਸ਼ਾਸਨ ਵੱਲੋਂ ਉਸ ਨੂੰ ਖੁਲ੍ਹਵਾਉਣ ਲਈ ਕੋਈ ਦਬਾਅ ਮੋਰਚੇ ਦੇ ਆਗੂਆਂ ਅਤੇ ਸੰਗਤ ਉੱਤੇ ਪਾਇਆ ਗਿਆ ਹੈ।
ਮੋਰਚੇ ਦੇ ਪ੍ਰਮੁੱਖ ਆਗੂ ਬਾਪੂ ਗੁਰਚਰਨ ਸਿੰਘ ਅਤੇ ਵਕੀਲ ਸਾਥੀਆਂ ਵੱਲੋਂ ਮੀਡੀਆ ਵਿੱਚ ਇਕ ਦੂਜੇ ਖ਼ਿਲਾਫ਼ ਕੀਤੀਆਂ ਟਿੱਪਣੀਆਂ ਬਾਰੇ ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁੱਝ ਗਲਤ ਫਹਿਮੀਆਂ ਦੀ ਵਜ੍ਹਾ ਕਰਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀ ਰਿਪੋਰਟ ਬਣਾ ਕੇ ਭਾਈ ਇੰਦਰਬੀਰ ਸਿੰਘ ਹੁਰਾਂ ਰਾਹੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਵਿੱਚ ਭੇਜੀ ਜਾਵੇਗੀ ਅਤੇ ਉਹ ਜੋ ਫ਼ੈਸਲਾ ਲੈਣਗੇ, ਉਸ ਬਾਰੇ ਮੀਡੀਆ ਅਤੇ ਸੰਗਤ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਨਿਹੰਗ ਸਿੰਘ, ਰਾਜਾ ਰਾਜ ਸਿੰਘ, ਭਾਈ ਬਲਵਿੰਦਰ ਸਿੰਘ, ਕਿਸਾਨ ਆਗੂ ਭਾਈ ਰੇਸ਼ਮ ਸਿੰਘ ਬਡਾਲੀ, ਭਾਈ ਇੰਦਰਬੀਰ ਸਿੰਘ, ਕਿਸਾਨ ਆਗੂ ਬਲਜੀਤ ਸਿੰਘ, ਪਰਮਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਭੋਗਪੁਰ, ਬਲਜਿੰਦਰ ਸਿੰਘ, ਭਾਈ ਜਰਨੈਲ ਸਿੰਘ ਮਗਰੋੜ, ਭਾਈ ਪਵਨਦੀਪ ਸਿੰਘ ਖ਼ਾਲਸਾ ਵੀ ਹਾਜ਼ਰ ਸਨ।