
ਅੰਮਿ੍ਰਤਸਰ ਵਿੱਚ 9 ਸਤੰਬਰ ਨੂੰ ਲੱਗੇਗੀ ਰਾਸ਼ਟਰੀ ਲੋਕ ਅਦਾਲਤ
ਨਬਜ਼-ਏ-ਪੰਜਾਬ ਬਿਊਰੋ, ਅੰਮਿ੍ਰਤਸਰ, 6 ਸਤੰਬਰ:
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵੱਲੋਂ 9 ਸਤੰਬਰ 2017 ਨੂੰ ਜ਼ਿਲਾ ਕਚਹਿਰੀਆਂ, ਅੰਮਿ੍ਰਤਸਰ ਅਤੇ ਸਬ-ਡਵੀਜ਼ਨਾਂ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਵੱਖ-ਵੱਖ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਰਾਸ਼ਟਰੀ ਲੋਕ ਅਦਾਲਤ ਵਿਚ ਵੱਖ-ਵੱਖ ਕਿਸਮਾਂ ਦੇ ਕੇਸ ਲਗਾਏ ਜਾਣਗੇ ਜਿਨਾਂ ਵਿਚ ਟ੍ਰੈਫਿਕ ਚਲਾਨ, ਨਗਰ ਨਿਗਮ ਦੇ ਕੇਸ, ਬਿਜਲੀ ਅਤੇ ਪਾਣੀ ਬਿੱਲਾਂ ਦੇ ਕੇਸ, ਸਰਵਿਸ ਮਾਮਲਿਆਂ ਦੇ ਕੇਸ, ਬੈਂਕਾਂ ਦੇ ਮਾਮਲੇ, ਮੋਟਰ ਐਕਸੀਡੈਂਟ ਦੇ ਕੇਸ, ਜੰਗਲਾਤ ਮਹਿਕਮੇ ਦੇ ਕੇਸ, ਰੇਲਵੇ ਦੇ ਕੇਸਾਂ ਤੋਂ ਇਲਾਵਾ ਹਰੇਕ ਤਰਾਂ ਦੇ ਸਿਵਲ ਕੇਸ ਸ਼ਾਮਿਲ ਹਨ।
ਜਿਲਾ ਸੈਸ਼ਨ ਜੱਜ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾਣਾ ਹੈ। ਉਨਾਂ ਕਿਹਾ ਕਿ ਇਸ ਲੋਕ ਅਦਾਲਤ ਵਿਚ ਫ਼ੈਸਲੇ ਹੋਣ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੇਂ ਬਚਾਏ ਜਾ ਸਕਦੇ ਹਨ। ਲੋਕ ਅਦਾਲਤਾਂ ਦੇ ਲਾਭ ਦੱਸਦਿਆਂ ਉਨਾਂ ਕਿਹਾ ਕਿ ਲੋਕ ਅਦਾਲਤ ਰਾਹੀਂ ਤੁਰੰਤ ਅਤੇ ਸਸਤਾ ਨਿਆਂ ਮਿਲਦਾ ਹੈ ਅਤੇ ਇਸ ਦੇ ਫੈਸਲੇ ਖਿਲਾਫ ਕਿਤੇ ਅਪੀਲ ਵੀ ਕੀਤੀ ਨਹੀਂ ਜਾ ਸਕਦੀ। ਉਨਾਂ ਕਿਹਾ ਕਿ ਲੋਕ ਅਦਾਲਤ ਵਿਚ ਫੈਸਲੇ ਆਪਸੀ ਸਹਿਮਤੀ ਨਾਲ ਹੁੰਦੇ ਹਨ। ਇਸ ਤੋਂ ਇਲਾਵਾ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ।