
ਕੌਮੀ ਸਵੱਛਤਾ ਐਵਾਰਡ-2022: ਮੁਹਾਲੀ ਨਗਰ ਨਿਗਮ ਨੇ ਜਿੱਤਿਆ ਰਾਸ਼ਟਰੀ ਪੁਰਸਕਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਮੁਹਾਲੀ ਨਗਰ ਨਿਗਮ ਨੇ ਰਾਸ਼ਟਰੀ ਸਵੱਛਤਾ ਐਵਾਰਡ-2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਮੀ ਪੁਰਸਕਾਰ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਇੰਜ ਹੀ ਖਰੜ ਨਗਰ ਕੌਂਸਲ ਨੇ ਵੀ ਇਹ ਐਵਾਰਡ ਜਿੱਤਿਆ ਹੈ। ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਨਵੀਂ ਦਿੱਲੀ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਮੁਹਾਲੀ ਅਤੇ ਖਰੜ ਨੂੰ ਕੌਮੀ ਐਵਾਰਡ ਦੇ ਕੇ ਨਿਵਾਜਿਆ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਭਾਰਤੀ ਸਵੱਛਤਾ ਲੀਗ 17 ਸਤੰਬਰ 2022 ਨੂੰ ਪੂਰੇ ਭਾਰਤ ਵਿੱਚ ਸ਼ੁਰੂ ਕੀਤੀ ਗਈ ਸੀ। ਸਵੱਛ ਅਤੇ ਹਰਿਆ-ਭਰਿਆ ਸ਼ਹਿਰ ਲਈ ਨੌਜਵਾਨਾਂ ਦੀ ਭਾਗੀਦਾਰੀ ਅਤੇ ਭਾਈਚਾਰਕ ਲਾਮਬੰਦੀ ਸਬੰਧੀ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ। ਜ਼ਿਲ੍ਹਾ ਮੁਹਾਲੀ ਨੂੰ 1 ਲੱਖ ਤੋਂ 3 ਲੱਖ ਆਬਾਦੀ ਦੀ ਸ਼੍ਰੇਣੀ ਵਿੱਚ ਮੁਹਾਲੀ ਨਗਰ ਨਿਗਮ ਨੂੰ 2 ਇਨਾਮ ਅਤੇ 50 ਤੋਂ 1 ਲੱਖ ਆਬਾਦੀ ਵਿੱਚ ਮਿਉਂਸਪਲ ਕਮੇਟੀ ਖਰੜ ਨੂੰ ਇਨਾਮ ਦਿੱਤੇ ਗਏ।
ਮੁਹਾਲੀ ਨਗਰ ਨਿਗਮ ਲਈ ਇਹ ਐਵਾਰਡ ਸੰਯੁਕਤ ਕਮਿਸ਼ਨਰ ਡਾ. ਦਮਨਦੀਪ ਕੌਰ ਅਤੇ ਸਹਾਇਕ ਕਮਿਸ਼ਨ ਵਰਿੰਦਰ ਜੈਨ ਨੇ ਹਾਸਲ ਕੀਤਾ ਜਦੋਂਕਿ ਮਿਉਂਸਪਲ ਕਮੇਟੀ ਖਰੜ ਲਈ ਕਾਰਜਸਾਧਕ ਅਫ਼ਸਰ ਮਨਬੀਰ ਸਿੰਘ ਗਿੱਲ ਅਤੇ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਨੇ ਇਨਾਮ ਪ੍ਰਾਪਤ ਕੀਤਾ। ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਅਤੇ ਸੰਯੁਕਤ ਸਕੱਤਰ ਸ੍ਰੀਮਤੀ ਰੂਪਾ ਮਿਸ਼ਰਾ ਨੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਅਤੇ ਸਵੱਛਤਾ ਲਈ ਯਤਨਸ਼ੀਲ ਹੈ ਅਤੇ ਸਵੱਛਤਾ ਸਰਵੇਖਣ ਦੌਰਾਨ ਮੁਹਾਲੀ ਨੂੰ ਦੋ ਇਨਾਮ ਮਿਲਣੇ ਸ਼ਹਿਰ ਲਈ ਬੜੇ ਮਾਣ ਵਾਲੀ ਗੱਲ ਹੈ।