ਹੁਨਰ-ਵਿਕਾਸ ਵਿੱਚ ਪੰਜਾਬੀ ਭਾਸ਼ਾ ਦੀ ਸਮਰੱਥਾ ਬਾਰੇ ਰਾਸ਼ਟਰੀ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 30 ਸਤੰਬਰ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਹੁਨਰ-ਵਿਕਾਸ ਵਿੱਚ ਪੰਜਾਬੀ ਭਾਸ਼ਾ ਦੀ ਸਮਰੱਥਾ ਅਤੇ ਅਸੀਮ ਸੰਭਾਵਨਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਉਦਘਾਟਨੀ ਭਾਸ਼ਣ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ, ਕੁੰਜੀਵਤ ਭਾਸ਼ਣ ਖੇਤੀਬਾੜੀ ਪੱਤਰਕਾਰੀ ਵਿਭਾਗ, ਪੰਜਾਬ ਖੇਤੀਬਾੜੀ ਲੁਧਿਆਣਾ ਦੇ ਮੁਖੀ ਪ੍ਰੋ. ਸਰਬਜੀਤ ਸਿੰਘ ਰੇਣੁਕਾ, ਵਿਸ਼ੇਸ਼ ਭਾਸ਼ਣ ਜਗਤਾਰ ਸਿੰਘ ਭੁੱਲਰ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਨੇ ਕੀਤੀ।
ਕਾਲਜ ਦੇ ਪ੍ਰਿੰਸੀਪਲ ਹਰਜੀਤ ਗੁਜਰਾਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਮਾਂ-ਬੋਲੀ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਹਰ ਪੱਖੋਂ ਸੰਪੂਰਨ ਪੰਜਾਬੀ ਭਾਸ਼ਾ ਰੁਜ਼ਗਾਰ ਦੇ ਅਨੇਕਾਂ ਮੌਕੇ ਮੁਹੱਈਆ ਕਰਵਾਉਣ ਦੇ ਸਮਰੱਥ ਹੈ। ਪ੍ਰੋ. ਜਗਬੀਰ ਸਿੰਘ ਨੇ ਕਿਹਾ ਕਿ ਹੁਨਰ-ਵਿਕਾਸ ਵਿੱਚ ਪੰਜਾਬੀ ਇਕ ਪ੍ਰਪੱਕ ਅਤੇ ਅਮੀਰ ਭਾਸ਼ਾ ਹੈ। ਹੋਰ ਭਸ਼ਾਵਾਂ ਸਿੱਖਣ ਨਾਲ ਮਾਂ-ਬੋਲੀ ਦਾ ਦਰਜਾ ਘਟਾਇਆ ਨਹੀਂ ਜਾ ਸਕਦਾ। ਨੈਸ਼ਨਲ ਸਿੱਖਿਆ ਨੀਤੀ 2020 ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੀਤੀ ਵਿੱਚ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਲਈ ਇਸੇ ਕਰਕੇ ਜ਼ੋਰ ਦਿੱਤਾ ਕਿ ਮਾਂ-ਬੋਲੀ ਰੁਜ਼ਗਾਰ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ।
ਪ੍ਰੋ. ਸਰਬਜੀਤ ਸਿੰਘ ਰੇਣੁਕਾ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਹੁਨਰ-ਵਿਕਾਸ ਦੇ ਸਭ ਤੋਂ ਵੱਧ ਅਵਸਰ ਮਾਂ-ਬੋਲੀ ਵਿੱਚ ਹੀ ਹੁੰਦੇ ਹਨ। ਮਾਤ-ਭਾਸ਼ਾ ਦਾ ਸਾਡੇ ਅੰਦਰਲੇ ਹੁਨਰ ਨੂੰ ਤਰਾਸ਼ਣ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਨਾਲ ਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਮਾਤ-ਭਾਸ਼ਾ ਨੂੰ ਦਰਕਿਨਾਰ ਕਰਨ ਨਾਲ ਮਨੁੱਖ ਅੰਦਰ ਹੁਨਰ ਦਾ ਵਿਕਾਸ ਅਤੇ ਕਦਰਾਂ ਕੀਮਤਾਂ ਮਨਫ਼ੀ ਹੋਣ ਲਗਦੀਆਂ ਹਨ।
ਸੈਮੀਨਾਰ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਨਰ ਵਿਕਾਸ ਵਿੱਚ ਪੰਜਾਬੀ ਭਾਸ਼ਾ ਦੇ ਯੋਗਦਾਨ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਲਗਾਈ ਗਈ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਡਿਜੀਟਲ ਪਲੇਟਫ਼ਾਰਮ ਉੱਪਰ, ਅਨੁਵਾਦ, ਪਰੂਫ਼ ਰੀਡਿੰਗ ਆਦਿ ਖੇਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਪਹੁੰਚ ਅਤੇ ਪੁਰਜ਼ੋਰ ਮੰਗ ਬਾਰੇ ਜਾਣੂ ਕਰਵਾਇਆ। ਪੰਜਾਬੀ ਵਿੱਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਦੱਸਦਿਆਂ ਕਿਹਾ ਕਿ ਜਿਸ ਭਾਸ਼ਾ ਵਿੱਚ ਵਿਸ਼ਵ ਨੂੰ ਰੁਸ਼ਨਾਉਣ ਵਾਲੀ ਗੁਰਬਾਣੀ ਰਚੀ ਗਈ ਅਤੇ ਸੰਤੁਲਿਤ ਜੀਵਣ ਜਾਚ ਸਿਖਾਈ ਗਈ, ਉਸ ਭਾਸ਼ਾ ਵਿੱਚ ਬਿਜ਼ਨਸ ਮਾਡਲ ਵੀ ਸੰਪੂਰਨ ਅਤੇ ਸਫਲ ਹੋਵੇਗਾ।
ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਕਰਮਭੂਮੀ ਦੀ ਭਾਸ਼ਾ ਹੀ ਹੁਨਰ-ਨਿਖਾਰ ਵਿੱਚ ਸਰਵੋਤਮ ਹੋ ਸਕਦੀ ਹੈ। ਮਾਂ ਬੋਲੀ ਦੀ ਅਹਿਮੀਅਤ ਨੂੰ ਝੁਠਲਾਇਆ ਨਹੀਂ ਜਾ ਸਕਦਾ। ਪੰਜਾਬੀ ਭਾਸ਼ਾ ਸੰਸਾਰ ਪੱਧਰ ਤੇ ਬੋਲੀ ਜਾਂਦੀ ਹੈ ਅਤੇ ਪੰਜਾਬੀ, ਵਿਸ਼ਵ ਵਿੱਚ ਕਾਮਯਾਬ ਹੀ ਪੰਜਾਬੀ ਭਾਸ਼ਾ ਦੁਆਰਾ ਤਰਾਸ਼ੇ ਹੁਨਰ ਕਰਕੇ ਹਨ। ਪ੍ਰੋ. ਘਣਸ਼ਾਮ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਇਕ ਪੁਲ਼ ਹੈ ਜੋ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਰੁਜ਼ਗਾਰ ਦੇ ਸਾਰੇ ਅਵਸਰ ਮੁਹੱਈਆ ਕਰਵਾਉਣ ਦੇ ਸਮਰੱਥ ਹੈ। ਉਨ੍ਹਾਂ ਨੇ ਆਏ ਹੋਏ ਵਿਦਵਾਨਾਂ ਅਤੇ ਚਿੰਤਕਾਂ ਦੁਆਰਾ ਰਚਾਏ ਇਸ ਗੰਭੀਰ ਸੰਵਾਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਅਜਿਹੇ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦਾ ਰਹੇਗਾ। ਇਸ ਮੌਕੇ ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਪਰਮਿੰਦਰਪਾਲ ਗਿੱਲ, ਡਾ. ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਕੌਰ, ਪ੍ਰੋ. ਸਰਬਜੀਤ ਕੌਰ ਸਮੇਤ ਕਾਲਜ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…