ਰਾਸ਼ਟਰੀ ਵੋਟਰ ਦਿਵਸ-2024: ਮੁਹਾਲੀ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਪਹੁੰਚੇ ਮੁੱਖ ਚੋਣ ਅਫ਼ਸਰ

ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ, ਗੁਰਬਖ਼ਸ਼ੀਸ਼ ਸਿੰਘ ਅੰਟਾਲ ਤੇ ਸੁਰਜੀਤ ਲਾਲ ਨੂੰ ਦਿੱਤਾ ਸਟੇਟ ਐਵਾਰਡ

ਲੋਕ ਸਭਾ ਚੋਣਾਂ ਦੌਰਾਨ ਕੌਮੀ ਅੌਸਤ ਨੂੰ ਪਾਰ ਕਰਨ ਲਈ ਵੱਧ ਤੋਂ ਵਧ ਮਤਦਾਨ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ, ਮੁਹਾਲੀ, 25 ਜਨਵਰੀ:
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਅੱਜ ਸੂਬੇ ਭਰ ਵਿੱਚ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪ੍ਰੋਸੈਸ (ਸਵੀਪ) ਗਤੀਵਿਧੀਆਂ ਤਹਿਤ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਕੇ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਮਤਦਾਨ ਕਰਨ ’ਤੇ ਜ਼ੋਰ ਦਿੱਤਾ। ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਕੌਮੀ ਵੋਟਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦੀ ਥੀਮ ‘ਵੋਟਿੰਗ ਵਰਗਾ ਕੁਝ ਨਹੀਂ, ਮੈਂ ਯਕੀਨੀ ਤੌਰ ’ਤੇ ਵੋਟ ਕਰਾਂਗਾ।’ ਰੱਖਿਆ ਗਿਆ। ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਇੱਕ ਬਹੁਤ ਹੀ ਢੁਕਵਾਂ ਵਿਸ਼ਾ ਹੈ, ਕਿਉਂਕਿ ਵੋਟਰ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵੱਧ ਤੋਂ ਵੱਧ ਮਤਦਾਨ ਕਰਕੇ ਹੀ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵੋਟ ਦੀ ਵਰਤੋਂ ਕਰਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਚੋਣ ਜਾਗਰੂਕਤਾ ਮਸਕਟ ਸ਼ੇਰਾ 2.0 ਵੀ ਜਾਰੀ ਕੀਤਾ।
ਇਸ ਮੌਕੇ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੂੰ ਸਾਲ 2023-24 ਲਈ ਜਨਰਲ ਕੈਟਾਗਰੀ ਵਿੱਚ ਸਰਵੋਤਮ ਇਲੈਕਟੋਰਲ ਪ੍ਰੈਕਟਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਸੁਰਜੀਤ ਲਾਲ ਸਹਾਇਕ ਸਵੀਪ ਨੋਡਲ ਅਫ਼ਸਰ ਜ਼ਿਲ੍ਹਾ ਜਲੰਧਰ ਅਤੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਸਵੀਪ ਨੋਡਲ ਅਫ਼ਸਰ ਮੁਹਾਲੀ ਨੂੰ ਸਾਲ 2023-24 ਵਿੱਚ ਸਵੀਪ ਵਿੱਚ ਕੀਤੇ ਸ਼ਾਨਦਾਰ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਾਚਾ ਚੌਧਰੀ ਦੇ ਚਰਿੱਤਰ ’ਤੇ ਆਧਾਰਿਤ ਐਨੀਮੇਟਡ ਫ਼ਿਲਮ ਦਿਖਾਈ ਗਈ। ਡੀਸੀ ਮੁਹਾਲੀ ਆਸ਼ਿਕਾ ਜੈਨ, ਐਸਐਸਪੀ ਸੰਦੀਪ ਗਰਗ ਅਤੇ ਐਮਿਟੀ ਯੂਨੀਵਰਸਿਟੀ ਦੇ ਵੀਸੀ ਡਾ. ਆਰਕੇ ਕੋਹਲੀ ਵੀ ਮੌਜੂਦ ਸਨ। ਚੋਣ ਕਮਿਸ਼ਨ ਦੇ ਪੰਜਾਬ ਸਟੇਟ ਆਈਕੋਨ ਵਜੋਂ ਨਾਮਵਰ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਵੀ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਮਤਦਾਨ ਕਰਨ ਦੀ ਅਪੀਲ ਕੀਤੀ।
ਸੀਈਓ ਪੰਜਾਬ ਨੇ ਸਟੇਟ ਆਈਕਨ ਤਰਸੇਮ ਜੱਸੜ, ਮਰਹੂਮ ਅਮਰਜੀਤ ਸਿੰਘ ਆਨੰਦ (ਉਨ੍ਹਾਂ ਦੇ ਪੁੱਤਰ ਇਸ਼ਦੀਪ ਸਿੰਘ), ਗੁਰਪ੍ਰੀਤ ਸਿੰਘ ਨਾਮਧਾਰੀ (ਫਾਈਨ ਆਰਟ ਆਰਟਿਸਟ), ਜਗਦੀਪ ਸਿੰਘ ਪੀਡਬਲਿਊਡੀ ਆਈਕਨ ਅਤੇ ਸ੍ਰੀਮਤੀ ਪੂਨਮ ਲਾਲ ਪੀ.ਡਬਲਯੂ.ਡੀ ਕੋਆਰਡੀਨੇਟਰ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਸਹੁੰ ਵੀ ਚੁਕਾਈ ਅਤੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਮਤਦਾਤਾ ਫੋਟੋ ਸ਼ਨਾਖ਼ਤੀ ਕਾਰਡ ਵੀ ਸੌਂਪੇ। ਜ਼ਿਲ੍ਹਾ ਪੱਧਰੀ ਇਨਾਮਾਂ ਵਿੱਚ ਐਸ.ਡੀ.ਐਮ. ਡੇਰਾਬੱਸੀ ਹਿਮਾਂਸ਼ੂ ਗੁਪਤਾ, ਸਰਕਾਰੀ ਪੋਲੀਟੈਕਨਿਕ ਖੂਨੀਮਾਜਰਾ ਤੋਂ ਡਾ. ਰਵਿੰਦਰ ਸਿੰਘ ਅਤੇ ਹਰਦੀਪ ਸਿੰਘ ਬੀਐਲਓ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 18-19 ਸਾਲ ਦੀ ਉਮਰ ਦੇ ਵੋਟਰਾਂ ਨੂੰ ਰਜਿਸਟਰ ਕਰਵਾਉਣ ਲਈ 2000, 1500 ਅਤੇ 1000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਟਰੇਨਿੰਗ ਅਧੀਨ ਆਈਏਐਸ ਡੇਵੀ ਗੋਇਲ, ਸੀ.ਡੀ.ਪੀ.ਓ. ਡੇਰਾਬੱਸੀ ਸੁਮਨ ਬਾਲਾ, ਜੂਨੀਅਰ ਸਹਾਇਕ ਰਵਿੰਦਰ ਕੌਰ, ਪਟਵਾਰੀ ਸਤਪਾਲ ਨੂੰ ਗੁਰਦੁਆਰਾ ਬੋਰਡ ਚੋਣ ਨਾਮਾਂਕਣ ਮੁਹਿੰਮ ਤਹਿਤ ਵੱਧ ਤੋਂ ਵੱਧ ਵੋਟਰਾਂ ਦਾ ਰਜਿਸਟਰੇਸ਼ਨ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡਾ ਦੇਸ਼ ਵਿਸ਼ਵ ਵਿੱਚ ਇੱਕ ਲੋਕਤੰਤਰੀ ਦੇਸ਼ ਵਜੋਂ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਿਹਾ ਹੈ। ਅਸੀਂ ਦੇਸ਼ ਦੇ ਹਰ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਆਪਣੇ ਮਹਾਨ ਨੇਤਾਵਾਂ ਦੇ ਸੁਪਨੇ ਨੂੰ ਸਾਕਾਰ ਕਰਦੇ ਆ ਰਹੇ ਹਾਂ ਕਿਉਂਕਿ ਵੋਟਰ ਲੋਕਤੰਤਰ ਦੀ ਨੀਂਹ ਹਨ। ਉਨ੍ਹਾਂ ਨੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪਾਰਦਰਸ਼ਤਾ ਅਤੇ ਸਮਾਵੇਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਮੁਹਾਲੀ ਵਿੱਚ ਸੂਬਾ ਪੱਧਰੀ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਗਿੱਧੇ, ਵਾਣੀ ਇੰਟਰਨੈਸ਼ਨਲ ਸਕੂਲ ਫਾਰ ਹੀਅਰਿੰਗ ਇੰਪੇਅਰਡ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਪ੍ਰਸਿੱਧ ਡੀਏਆਰ ਗਰੁੱਪ ਵੱਲੋਂ ਲੁੱਡੀ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੌਰਾਨ ਇਲੈਕਟੋਰਲ ਲਿਟਰੇਸੀ ਕਲੱਬਾਂ ਦੀਆਂ ਗਤੀਵਿਧੀਆਂ ਬਾਰੇ ਈ-ਪੱਤਰਿਕਾ ਦੇ ਪਹਿਲੇ ਐਡੀਸ਼ਨ ਨੂੰ ਡਿਜੀਟਲ ਰੂਪ ਵਿੱਚ ਲਾਂਚ ਕੀਤਾ ਗਿਆ ਅਤੇ ਪੇਸ਼ੇਵਰ ਅਤੇ ਸ਼ੌਂਕੀਆਂ ਸ਼੍ਰੇਣੀਆਂ ਵਿੱਚ ਆਨਲਾਈਨ ਪੇਂਟਿੰਗ ਮੁਕਾਬਲੇ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ ਅਤੇ ਐਸਡੀਐਮ ਚੰਦਰਜੋਤੀ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਟਰੈਕਟਰ ਅਤੇ ਸਾਈਕਲ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਐਮਿਟੀ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚ ਕੇ ਸਮਾਪਤ ਹੋਈ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…