Share on Facebook Share on Twitter Share on Google+ Share on Pinterest Share on Linkedin ਛੇਵੀਂ ਕੌਮੀ ਵ੍ਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ: ਪੁਰਸ਼ਾਂ ’ਚ ਮਹਾਂਰਾਸ਼ਟਰ ਅੱਵਲ, ਪੰਜਾਬ ਉਪ ਜੇਤੂ ਮਹਿਲਾ ਵਰਗ ਵਿੱਚ ਵੀ ਮਹਾਂਰਾਸ਼ਟਰ ਜੇਤੂ, ਤਾਮਿਲਨਾਡੂ ਉਪ ਜੇਤੂ ਤੇ ਕਰਨਾਟਕਾ ਤੀਜੇ ਸਥਾਨ ’ਤੇ ਰਿਹਾ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਜੇਤੂ ਟੀਮਾਂ ਨੂੰ ਵੰਡੇ ਇਨਾਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ: ਇੱਥੋਂ ਦੇ ਸੈਕਟਰ-78 ਸਥਿਤ ਮਲਟੀਪਰਪਜ਼ ਸਟੇਡੀਅਮ ਵਿਖੇ ਸਮਾਪਤ ਹੋਈ ਛੇਵੀਂ ਕੌਮੀ ਵ੍ਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਅੱਜ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਦੋਵੇਂ ਫਾਈਨਲ ਮੁਕਾਬਲਿਆਂ ਵਿੱਚ ਮਹਾਂਰਾਸ਼ਟਰ ਜੇਤੂ ਬਣਿਆ। ਪੁਰਸ਼ ਵਰਗ ਵਿੱਚ ਪੰਜਾਬ ਅਤੇ ਮਹਿਲਾ ਵਰਗ ਵਿੱਚ ਤਾਮਿਲਨਾਡੂ ਉਪ ਜੇਤੂ ਰਿਹਾ ਜਦੋਂ ਕਿ ਪੁਰਸ਼ ਵਰਗ ਵਿੱਚ ਤਾਮਿਲਨਾਡੂ ਅਤੇ ਮਹਿਲਾ ਵਰਗ ਵਿੱਚ ਕਰਨਾਟਕਾ ਤੀਜੇ ਸਥਾਨ ’ਤੇ ਰਿਹਾ। ਵ੍ਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਛੇ ਰੋਜ਼ਾ ਚੈਂਪੀਅਨਸ਼ਿਪ ਦੇ ਅੱਜ ਸਮਾਮਤੀ ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਪੁਰਸ਼ ਵਰਗ ਦੇ ਫਾਈਨਲ ਵਿੱਚ ਮਹਾਂਰਾਸ਼ਟਰ ਨੇ ਪੰਜਾਬ ਨੂੰ 64-52 ਨਾਲ ਹਰਾਇਆ। ਇਹ ਮਹਾਰਾਸ਼ਟਰ ਦਾ ਲਗਾਤਾਰ ਛੇਵਾਂ ਖਿਤਾਬ ਹੈ। ਪੰਜਾਬ ਪਿਛਲੀ ਵਾਰ ਤੀਜੇ ਸਥਾਨ ’ਤੇ ਰਿਹਾ ਸੀ ਜਦੋਂਕਿ ਇਸ ਵਾਰ ਇਕ ਸਥਾਨ ਉਪਰ ਆਉਂਦਾ ਹੋਇਆ ਉਪ ਜੇਤੂ ਰਿਹਾ। ਤੀਜੇ ਸਥਾਨ ਵਾਲੇ ਮੈਚ ਵਿੱਚ ਤਾਮਿਲਨਾਡੂ ਨੇ ਤੇਲੰਗਾਨਾ ਨੂੰ 42-20 ਨਾਲ ਹਰਾਇਆ। ਮਹਿਲਾ ਵਰਗ ਦੇ ਫਾਈਨਲ ਵਿੱਚ ਵੀ ਮਹਾਂਰਾਸ਼ਟਰ ਜੇਤੂ ਰਿਹਾ ਜਿਸ ਨੇ ਤਾਮਿਲਨਾਡੂ ਨੂੰ 25-14 ਨਾਲ ਹਰਾਇਆ। ਮਹਿਲਾ ਵਰਗ ਵਿੱਚ ਮਹਾਂਰਾਸ਼ਟਰ ਦਾ ਇਹ ਤੀਜਾ ਖਿਤਾਬ ਹੈ। ਤੀਜੇ ਸਥਾਨ ਵਾਲੇ ਮੈਚ ਵਿੱਚ ਕੇਰਲਾ ਨੇ ਉੜੀਸਾ ਨੂੰ 20-6 ਨਾਲ ਹਰਾਇਆ। ਸਮਾਪਤੀ ਸਮਾਰੋਹ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਡ ਮੰਤਰੀ ਸ੍ਰੀ ਰਿਜੀਜੂ ਨੇ ਇਸ ਚੈਂਪੀਅਨਸ਼ਿਪ ਨੂੰ ਸਫਲਾਤਪੂਰਵਕ ਕਰਵਾਉਣ ਲਈ ਐਸੋਸੀਏਸ਼ਨ ਅਤੇ ਪੰਜਾਬ ਖੇਡ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਦੂਜੀਆਂ ਟੀਮਾਂ ਨੂੰ ਵੀ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਵੀ ਪ੍ਰੋਤਸਾਹਨ ਅਤੇ ਕੱੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਪੈਰਾਲੰਪਿਕ ਖੇਡ ਕਮੇਟੀਆਂ ਅਤੇ ਪੈਰਾ ਸਪੋਰਟਸ ਨਾਲ ਜੁੜੇ ਅਧਿਕਾਰੀਆਂ ਤੇ ਖਿਡਾਰੀਆਂ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਪੈਰਾ ਖਿਡਾਰੀਆਂ ਪੱਖੀ ਖੇਡ ਢਾਂਚਾ ਉਸਾਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮਾਂ ਵਿੱਚ ਪੈਰਾ ਖਿਡਾਰੀਆਂ ਪੱਖੀ ਬੁਨਿਆਦੀ ਢਾਂਚਾ ਉਸਾਰਨ ਉਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਅਗਲਾ ਨਿਸ਼ਾਨਾ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਹਨ ਜਿਸ ਵਿੱਚ ਭਾਰਤ ਦੇ ਖਿਡਾਰੀਆਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਅਤੇ ਵੱਧ ਤਮਗੇ ਜਿੱਤਣ ਉਪਰ ਜ਼ੋਰ ਦਿੱਤਾ ਜਾਵੇਗਾ। ਕੇਂਦਰੀ ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦੋ ਰੋਜ਼ਾ ਫੇਰੀ ਦੌਰਾਨ ਉਹ ਇੱਥੇ ਆਉਣ ਤੋਂ ਇਲਾਵਾ ਪਟਿਆਲਾ ਸਥਿਤ ਐਨਆਈਐਸ ਦਾ ਵੀ ਦੌਰਾ ਕਰ ਕੇ ਆਏ ਹਨ। ਜਿੱਥੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਖੇਡਾਂ) ਸੰਜੇ ਕੁਮਾਰ ਨੇ ਕੇਂਦਰੀ ਖੇਡ ਮੰਤਰੀ ਦਾ ਪੰਜਾਬ ਆਉਣ ’ਤੇ ਸਵਾਗਤ ਕਰਦਿਆਂ ਫੈਡਰੇਸ਼ਨ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੌਮੀ ਚੈਂਪੀਅਨਸ਼ਿਪ ਕਰਵਾਉਣ ਲਈ ਪੰਜਾਬ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਪੱਖੀ ਖੇਡ ਨੀਤੀ ਬਣਾਈ ਗਈ ਹੈ ਅਤੇ ਪੰਜਾਬ ਦੀ ਖੇਡ ਨੀਤੀ ਵਿੱਚ ਪੈਰਾ ਸਪੋਰਟਸ ਦੇ ਖਿਡਾਰੀਆਂ ਨੂੰ ਦੂਜੇ ਖਿਡਾਰੀਆਂ ਦੇ ਬਰਾਬਰ ਰੱਖਦਿਆਂ ਬਰਾਬਰ ਸਹੂਲਤਾਂ ਅਤੇ ਪ੍ਰੋਤਸਾਹਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਆਉਂਦੇ ਸਮੇਂ ਵਿੱਚ ਵੀ ਅਜਿਹੇ ਖੇਡ ਮੁਕਾਬਲਿਆਂ ਨੂੰ ਕਰਵਾਇਆ ਜਾਵੇਗਾ। ਵ੍ਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ਼ ਇੰਡੀਆ ਦੀ ਪ੍ਰਧਾਨ ਸ੍ਰੀਮਤੀ ਮਾਧਵੀ ਨੇ ਕੇਂਦਰੀ ਖੇਡ ਮੰਤਰੀ ਅਤੇ ਪੰਜਾਬ ਖੇਡ ਵਿਭਾਗ ਦਾ ਉਚੇਚਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੈਰਾ ਖਿਡਾਰੀਆਂ ਲਈ ਉਨ੍ਹਾਂ ਦੀ ਪਹੁੰਚ ਵਾਲਾ ਢਾਂਚਾ ਉਸਾਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋੜ ਹੈ ਕਿ ਓਲੰਪਿਕ, ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਹੋਣ ਵਾਲੇ ਪੈਰਾ ਮੁਕਾਬਲਿਆਂ ਵਿੱਚ ਵਿਅਕਤੀਗਤ ਖੇਡ ਈਵੈਂਟਾਂ ਦੇ ਨਾਲ ਪੈਰਾ ਸਪੋਰਟਸ ਦੇ ਟੀਮ ਮੁਕਾਬਲਿਆਂ ਲਈ ਵੀ ਟੀਮਾਂ ਭੇਜੀਆਂ ਜਾਣ। ਵ੍ਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਸਕੱਤਰ ਜਨਰਲ ਸ੍ਰੀਮਤੀ ਕਲਿਆਣੀ ਰਾਜਾਰਮਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ 2014 ਵਿੱਚ 5 ਟੀਮਾਂ ਤੋਂ ਹੋਈ ਸੀ ਜਦੋਂ ਸਿਰਫ ਪੁਰਸ਼ ਵਰਗ ਦਾ ਮੁਕਾਬਲਾ ਹੋਇਆ ਸੀ। 2015 ਵਿੱਚ ਮਹਿਲਾ ਵਰਗ ਦੇ ਮੁਕਾਬਲੇ ਸ਼ਾਮਲ ਹੋਏ। ਹੁਣ ਛੇਵੀਂ ਚੈਂਪੀਅਨਸ਼ਿਪ ਵਿੱਚ ਟੀਮਾਂ ਦੀ ਗਿਣਤੀ 23 ਤੱਕ ਪੁੱਜ ਗਈ। ਪੁਰਸ਼ ਵਰਗ ਵਿੱਚ 23 ਅਤੇ ਮਹਿਲਾ ਵਰਗ ਵਿੱਚ 14 ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚੋਂ ਭਾਰਤ ਦੀ ਟੀਮ ਚੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜੋ ਕਿ ਬਹੁਤ ਸਫਲ ਰਹੀ। ਇਸ ਮੌਕੇ ਵੱਖ-ਵੱਖ ਟੀਮਾਂ ਵੱਲੋਂ ਹਿੱਸਾ ਲੈਣ ਆਏ ਖਿਡਾਰੀਆਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਮਿਲੀਆਂ ਸਹੂਲਤਾਂ ਅਤੇ ਮੇਜ਼ਬਾਨੀ ਉਤੇ ਤਸੱਲੀ ਪ੍ਰਗਟਾਈ ਅਤੇ ਨਾਲ ਹੀ ਆਪਣੀਆਂ ਕੁਝ ਮੰਗਾਂ ਰੱਖੀਆਂ। ਇਨ੍ਹਾਂ ਖਿਡਾਰੀਆਂ ਵਿੱਚ ਜੰਮੂ ਕਸ਼ਮੀਰ ਤੋਂ ਵਸੀਮ, ਹਰਿਆਣਾ ਤੋਂ ਗਰਿਮਾ ਜੋਸ਼ੀ, ਮਹਾਂਰਾਸ਼ਟਰ ਤੋਂ ਨਿਸ਼ਾ ਤੇ ਮੇਘਾਲਿਆ ਤੋਂ ਲਕੀਮਾ ਸ਼ਾਮਲ ਸੀ। ਇਸ ਮੌਕੇ ਖੇਡ ਵਿਭਾਗ ਪੰਜਾਬ ਦੀ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ, ਪੀਆਰਸੀ ਦੇ ਡਾਇਰੈਕਟਰ ਕਰਨਲ ਗੁਲਜੀਤ ਚੱਢਾ, ਕੌਂਗਨੀਜੈਂਟ ਆਊਟਰੀਚ ਦੇ ਗਲੋਬਲ ਹੈੱਡ ਦੀਪਕ ਪ੍ਰਭੂ ਮੱਟੀ, ਆਈਸੀਆਈਸੀਆਈ ਦੇ ਜ਼ੋਨਲ ਹੈੱਡ ਭੁਪੇਸ਼ ਅੱਗਰਵਾਲ, ਸਪਰੋਟਸ ਅਥਾਰਟੀ ਆਫ਼ ਇੰਡੀਆ ਦੇ ਡਿਪਟੀ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਤੇ ਡਾਇਰੈਕਟਰ (ਖੇਤਰੀ ਜ਼ੋਨ) ਅਜੀਤ ਸਿੰਘ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਤਹਿਸੀਲਦਾਰ ਸੁਖਪਿੰਦਰ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ, ਖੇਡ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਕਰਤਾਰ ਸਿੰਘ ਸੈਂਹਬੀ, ਪੰਜਾਬ ਸਟੇਟ ਵ੍ਰੀਲਚੇਅਰ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ