nabaz-e-punjab.com

ਨਾਬੀ ਸਮੇਤ ਵੱਖ ਵੱਖ ਥਾਵਾਂ ’ਤੇ ਮਹੀਨਾ ਭਰ ਚੱਲੇਗੀ ਟੀਚਿੰਗ ਤੇ ਲਰਨਿੰਗ ਵਿਸ਼ੇ ’ਤੇ ਕੌਮੀ ਵਰਕਸ਼ਾਪ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਉਦਘਾਟਨ, ਕੇਂਦਰੀ ਮੰਤਰੀ ਹਰਸ਼ਵਰਧਨ ਹੋਣਗੇ ਮੁੱਖ ਮਹਿਮਾਨ

ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵੀ ਹੋਵੇਗਾ ਗਰੁੱਪ ਡਿਸਕਸ਼ਨ ਸੈਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਭਾਰਤ ਸਰਕਾਰ ਦੇ ਸਾਇੰਸ ਤੇ ਟੈਕਨਾਲੋਜੀ ਮੰਤਰਾਲੇ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਨੋਬਲ ਮੀਡੀਆ ਏਬੀ ਸਵੀਡਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 11 ਤੇ 12 ਸਤੰਬਰ ਨੂੰ ਪੰਜਾਬ ਵਿੱਚ ਨੋਬਲ ਪ੍ਰਾਈਜ਼ ਸੀਰੀਜ਼ 2019 ਦਾ ਤੀਜਾ ਐਡੀਸ਼ਨ ਆਯੋਜਿਤ ਕੀਤਾ ਜਾਵੇਗਾ। ਇੱਥੋਂ ਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਨਾਬੀ) ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ ਜਦੋਂਕਿ ਕੇਂਦਰੀ ਸਾਇੰਸ ਤੇ ਟੈਕਨਾਲੋਜੀ ਮੰਤਰੀ ਹਰਸ਼ਵਰਧਨ ਮੁੱਖ ਮਹਿਮਾਨ ਹੋਣਗੇ।
ਅੱਜ ਇੱਥੇ ਨਾਬੀ ਦੇ ਕਾਰਜਕਾਰੀ ਡਾਇਰੈਕਟਰ ਡਾ. ਟੀਆਰ ਸ਼ਰਮਾ, ਸਾਇੰਸ ਤੇ ਟੈਕਨਾਲੋਜੀ ਮੰਤਰਾਲਾ ਦੇ ਸਲਾਹਕਾਰ ਡਾ. ਮੁਹੰਮਦ ਅਸਲਮ, ਡਾ. ਜੇਕੇ ਅਰੋੜਾ ਅਤੇ ਡਾ. ਐੱਨਐੱਸ. ਬੈਂਸ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖਿਆ ਦੇ ਇਸ ਮਹਾਂਕੁੰਭ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ’ਚੋਂ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਕਰੀਬ ਪੂਰਾ ਮਹੀਨਾ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਦੂਜੇ ਦਿਨ 12 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਮਾਰੋਹ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਭੌਤਿਕ ਵਿਗਿਆਨ ਵਿੱਚ 2012 ਵਿੱਚ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਫਰਾਂਸ ਦੇ ਵਿਗਿਆਨ ਡਾ. ਸਰਗੇ ਹਰੋਚ, ਨੋਬਲ ਸ਼ਾਂਤੀ ਪੁਰਸਕਾਰ 2014 ਹਾਸਲ ਕਰਨ ਵਾਲੇ ਡਾ. ਕੈਲਾਸ਼ ਸਤਿਆਰਥੀ ਅਤੇ ਡਾ. ਜੂਨੀਨ ਜ਼ਿਆਰਤ ਮੈਂਬਰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਐਂਡ ਨੋਬਲ ਅਕੈਡਮੀ ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਣਗੇ ਅਤੇ ਮੋਹਾਲੀ ਅਤੇ ਲੁਧਿਆਣਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਛੋਟੇ-ਛੋਟੇ ਗਰੁੱਪਾਂ ਨਾਲ ਗਰੁੱਪ ਡਿਸਕਸ਼ਨ ਕਰਨਗੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
ਉਨ੍ਹਾਂ ਦੱਸਿਆ ਕਿ ਨੋਬਲ ਪੁਰਸਕਾਰ ਸੀਰੀਜ਼ ਦੇ ਪਹਿਲੇ ਐਡੀਸ਼ਨ ਦਾ ਆਯੋਜਨ ਗੁਜਰਾਤ ਵਿੱਚ 9 ਤੋਂ 11 ਜਨਵਰੀ 2017 ਨੂੰ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਸ ਦੇ ਦੂਜੇ ਅਡੀਸ਼ਨ ਆਯੋਜਨ ਗੋਆ ਵਿਚ 1 ਅਤੇ 2 ਫਰਵਰੀ 2018 ਅਤੇ ਰਾਸ਼ਟਰਪਤੀ ਭਵਨ ਦਿੱਲੀ ਵਿੱਚ 5 ਫਰਵਰੀ 2018 ਨੂੰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸੀਰੀਜ਼ ਦਾ ਵਿਸ਼ਾ ‘ਪੜ੍ਹਾਉਣਾ ਅਤੇ ਸਿੱਖਣਾ’ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਂਕੁੰਭ ਵਿਚ ਉੱਤਰਾਖੰਡ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਚੰਡੀਗੜ੍ਹ ਤੋਂ ਕਰੀਬ 30 ਹਜ਼ਾਰ ਵਿਦਿਆਰਥੀ, ਅਧਿਆਪਕ ਅਤੇ ਆਮ ਲੋਕ ਹਿੱਸਾ ਲੈਣਗੇ।
ਇਸ ਮੌਕੇ ਡਾ. ਬੈਂਸ ਅਤੇ ਡਾ. ਅਰੋੜਾ ਨੇ ਦੱਸਿਆ ਕਿ ਪੇਂਡੂ ਖੇਤਰਾਂ ’ਚੋਂ ਸਰਕਾਰੀ ਸਕੂਲਾਂ ਦੇ ਉਤਸੁਕ ਵਿਦਿਆਰਥੀਆਂ ਨੂੰ ਵੀ ਇਸ ਸਮਾਗਮ ਵਿੱਚ ਲਿਆਉਣ ਵਿਸ਼ੇਸ਼ ਪ੍ਰਬੰਧਕ ਕੀਤੇ ਗਏ ਹਨ। ਪਹਿਲੇ ਦਿਨ 700 ਅਧਿਆਪਕਾਂ ਲਈ ਟੀਚਰ ਸਮਿੱਟ ਵੀ ਆਯੋਜਿਤ ਕੀਤੀ ਜਾਵੇਗੀ ਅਤੇ ਬਾਅਦ ਦੁਪਹਿਰ ਨੋਬਲ ਪੁਰਸਕਾਰ ਵਿਜੇਤਾ ਨਾਲ ਗੱਲਬਾਤ ਅਤੇ ਮੁਲਾਕਾਤ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਇਛੁੱਕ ਸਕੂਲ ਆਨਲਾਈਨ ਰਜਿਸਟੇ੍ਰਸ਼ਨ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਪ੍ਰਸਾਰਨ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਜਿਹੜੇ ਲੋਕ ਪ੍ਰੋਗਰਾਮ ਵਿਚ ਹਾਜ਼ਰ ਨਹੀਂ ਹੋ ਸਕਣਗੇ ਉਹ ਵੀ ਇਸ ਤੋਂ ਲਾਭ ਉਠਾ ਸਕਣ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਲੀਡ ਬੈਂਕ ਵੱਲੋਂ ਸਾਈਬਰ ਕਰਾਈਮ ਤੇ ਧੋਖਾਧੜੀ ਬਾਰੇ ਐਡਵਾਈਜ਼ਰੀ ਜਾਰੀ

ਜ਼ਿਲ੍ਹਾ ਲੀਡ ਬੈਂਕ ਵੱਲੋਂ ਸਾਈਬਰ ਕਰਾਈਮ ਤੇ ਧੋਖਾਧੜੀ ਬਾਰੇ ਐਡਵਾਈਜ਼ਰੀ ਜਾਰੀ ਨਬਜ਼-ਏ-ਪੰਜਾਬ, ਮੁਹਾਲੀ, 12 ਜਨ…