
ਕੁਦਰਤ ਦੀ ਕਰੋਪੀ: ਪੀੜਤ ਲੋਕਾਂ ਦੀ ਮਦਦ ਲਈ 3 ਗੱਡੀਆਂ ਰਵਾਨਾ ਕੀਤੀਆਂ
ਕੈਬਨਿਟ ਮੰਤਰੀ ਕਟਾਰੂਚੱਕ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਤੋਂ ਰਵਾਨਾ ਕੀਤੀਆਂ ਤਿੰਨ ਗੱਡੀਆਂ
ਪੰਜਾਬ ਸਰਕਾਰ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ: ਕਟਾਰੂਚੱਕ
ਨਬਜ਼-ਏ-ਪੰਜਾਬ, ਮੁਹਾਲੀ, 13 ਜੁਲਾਈ:
ਖੁਰਾਕ, ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਜ ਇੱਥੇ ਵੇਰਕਾ ਮਿਲਕ ਪਲਾਂਟ ’ਚੋਂ ਮੁਹਾਲੀ ਸਮੇਤ ਸੂਬੇ ਦੇ ਹੋਰ ਵੱਖ-ਵੱਖ ਜ਼ਿਲ੍ਹਿਆਂ ਲਈ ਤਿਆਰ ਫੂਡ ਪੈਕੇਟਾਂ ਦੀਆਂ ਤਿੰਨ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਕੁਦਰਤ ਦੀ ਕਰੋਪੀ ਕਾਰਨ ਸੰਕਟ ਵਿੱਚ ਆਏ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹਨ। ਇਸੇ ਕੜੀ ਤਹਿਤ ਸਰਕਾਰ ਵੱਲੋਂ 40 ਹਜ਼ਾਰ ਫੂਡ ਪੈਕੇਟ ਵੰਡੇ ਜਾ ਰਹੇ ਹਨ। ਜਿਸ ’ਚੋਂ ਹੁਣ ਤੱਕ 23600 ਪੈਕੇਟ ਵੰਡੇ ਜਾ ਚੁੱਕੇ ਹਨ।
ਸ੍ਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਢੰਗਾਂ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ, ਕੋਈ ਵਿਭਾਗ ਬਚਾਅ ਕਾਰਜਾਂ ਵਿੱਚ ਜੁਟਿਆਂ ਹੋਇਆ ਹੈ ਅਤੇ ਕਈ ਸੁਰੱਖਿਆ ਅਤੇ ਖਾਣਪੀਣ ਦਾ ਸਮਾਨ ਵੰਡਣ ’ਤੇ ਲੱਗਿਆ ਹੋਇਆ ਹੈ। ਪੀੜਤ ਲੋਕਾਂ ਨੂੰ ਦਿੱਤੇ ਜਾਣ ਵਾਲੀ ਖ਼ੁਰਾਕ ਸਮੱਗਰੀ ਵਿੱਚ ਬ੍ਰੈੱਡ, ਕਾਜੂ ਪਿੰਨੀਆਂ, ਬਿਸਕੁਟ ਦੇ ਪੈਕੇਟ, ਦੁੱਧ, ਪਾਣੀ ਦੀਆਂ ਬੋਤਲਾਂ, ਮੋਮਬੱਤੀ, ਮਾਚਸ, ਡਿਸਪੋਜ਼ੇਬਲ ਕੱਪ ਅਤੇ ਚਮਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਆਪਣੀ ਕੈਬਨਿਟ ਸਾਥੀਆਂ ਸਮੇਤ ਵਿਧਾਇਕਾਂ ਅਤੇ ਸਰਕਾਰੀ ਅਦਾਰਿਆਂ ਦੇ ਚੇਅਰਮੈਨਾਂ ਅਤੇ ‘ਆਪ’ ਵਲੰਟੀਅਰਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਫ਼ੀਲਡ ਵਿੱਚ ਜਾ ਕੇ ਪੀੜਤਾਂ ਦੀ ਮਦਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਹਰ ਕੋਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਸਮੁੱਚੀ ਪ੍ਰਸ਼ਾਸਕੀ ਮਸ਼ੀਨਰੀ ਇਨ੍ਹਾਂ ਕਾਰਜਾਂ ਵਿੱਚ ਜੀਅ ਜਾਨ ਨਾਲ ਲੱਗੀ ਹੋਈ ਹੈ ਅਤੇ ਸਭ ਤੋਂ ਪਹਿਲੀ ਤਰਜੀਹ ਲੋਕਾਂ ਨੂੰ ਇਸ ਕੁਦਰਤੀ ਕਰੋਪੀ ਤੋਂ ਬਚਾਉਣਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਕਾਰਨ ਹੋਏ ਖ਼ਰਾਬੇ ਦੀ ਪਾਈ-ਪਾਈ ਪੀੜਤਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਦਿੱਤੀ ਜਾਵੇਗੀ ਕਿਉਂ ਜੋ ਕਿਸੇ ਦੀ ਸੰਕਟ ਦੀ ਘੜੀ ਵਿੱਚ ਮਦਦ ਕਰਨਾ ਸਭ ਤੋਂ ਵੱਡੀ ਪਰਖ ਹੁੰਦੀ ਹੈ। ਉਨ੍ਹਾਂ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਇਸ ਮੁਸ਼ਕਲ ਸਮੇਂ ’ਚੋਂ ਪੀੜਤਾਂ ਨੂੰ ਬਾਹਰ ਕੱਢਣ ਲਈ ਹਰ ਸੰਭਵ ਮਦਦ ਕਰੇਗੀ। ਇਸ ਮੌਕੇ ਡਾਇਰੈਕਟਰ ਘਣਸ਼ਿਆਮ ਥੋਰੀ, ਵੇਰਕਾ ਪਲਾਂਟ ਮੁਹਾਲੀ ਦੇ ਜੀਐਮ ਰਾਜ ਕੁਮਾਰ ਵੀ ਮੌਜੂਦ ਸਨ।