
ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਸ਼ਰਾਰਤੀ ਅਨਸਰਾਂ ਨੇ ਸਾਜ਼ਿਸ ਤਹਿਤ ਮਾਹੌਲ ਵਿਗਾੜਿਆਂ: ਕੈਪਟਨ ਤੇ ਬਡਹੇੜੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਜਨਵਰੀ:
ਪੰਜਾਬ ਦੇ ਸਿੱਖ ਕਿਸਾਨ ਆਗੂ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਿਸਾਨਾਂ ਨੂੰ ਬਦਨਾਮ ਕਰਨ ਅਤੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਮਾੜੇ ਅਨਸਰਾਂ ਵੱਲੋਂ ਰਚੀਆਂ ਸਾਜ਼ਿਸ਼ਾਂ ਕਰਾਰ ਦਿੱਤਾ ਹੈ।
ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸ੍ਰੀ ਬਡਹੇੜੀ ਨੇ ਕਿਹਾ ਕਿ ਅਜਿਹੇ ਅਨਸਰ ਸ਼ੁਰੂ ਤੋਂ ਹੀ ਇਹੋ ਚਾਹੁੰਦੇ ਰਹੇ ਹਨ ਕਿ ਹੁਣ ਤੱਕ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਨਾਲ ਸਫ਼ਲਤਾਪੂਰਬਕ ਤੇ ਪ੍ਰਣਾਲੀਬੱਧ ਤਰੀਕੇ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਢਾਹ ਲਾਈ ਜਾਵੇ। ਸ੍ਰੀ ਬਡਹੇੜੀ ਨੇ ਦੋਸ਼ ਲਾਇਆ ਹੈ ਕਿ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਇਹ ਸਰਕਾਰੀ ਖ਼ੁਫ਼ੀਆ ਏਜੰਸੀਆਂ ਅਤੇ ‘ਰਾਅ’ ਦੀ ਵੀ ਕੋਈ ਚਾਲ ਹੋ ਸਕਦੀ ਹੈ। ਕਿਸਾਨ ਆਗੂ ਨੇ ਦਿੱਲੀ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲੇ ਅੰਦਰ ਦਾਖ਼ਲ ਹੋ ਕੇ ਹੰਗਾਮਾ ਕਰਨ ਨੂੰ ਹੁਣ ਤੱਕ ਦੀ ਬੇਹੱਦ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ।
ਸ੍ਰੀ ਬਡਹੇੜੀ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਇੰਝ ਬੇਰਹਿਮੀ ਨਾਲ ਕੀਤੇ ਅੱਤਿਆਚਾਰ ਤੇ ਟ੍ਰੈਕਟਰਾਂ ਦੀ ਭੰਨਤੋੜ ਦੀਆਂ ਘਟਨਾਵਾਂ ਵੀ ਬੇਹੱਦ ਨਿਖੇਧੀਯੋਗ ਹਨ। ਉਨ੍ਹਾਂ ਕਿਹਾ ਕਿ ਲਾਲ ਕਿਲੇ ਉੱਤੇ ਵਾਪਰੀਆਂ ਘਟਨਾਵਾਂ ਦੇਸ਼ ਲਈ ਠੀਕ ਨਹੀਂ ਹਨ ਤੇ ਇਸ ਨਾਲ ਕਿਸਾਨ ਅੰਦੋਲਨ ਨੂੰ ਵੱਡੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਤਿਰੰਗੇ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸ੍ਰੀ ਬਡਹੇੜੀ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਪਹਿਲਾਂ ਰੂਟਾਂ ਬਾਰੇ ਭੰਬਲਭੂਸਾ ਪਾਈ ਰੱਖਿਆ ਅਤੇ ‘ਜਾਣਬੁੱਝ ਕੇ ਨਾਕੇ ਕੁਝ ਨਰਮ ਰੱਖੇ, ਤਾਂ ਜੋ ਕਿਸਾਨ ਜਦੋਂ ਉਨ੍ਹਾਂ ਨੂੰ ਹਟਾਉਣ, ਤਾਂ ਉਨ੍ਹਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਜਾ ਸਕੇ। ਇੰਝ ਹੀ ਕਿਸਾਨਾਂ ਵਿੱਚ ਭੜਕਾਹਟ ਪੈਦਾ ਕੀਤੀ ਗਈ ਤੇ ਅੱਗੇ ਚੱਲ ਕੇ ਟਕਰਾਅ ਪੈਦਾ ਹੋਣਾ ਸੁਭਾਵਕ ਹੀ ਸੀ।‘
ਮੋਦੀ ਸਰਕਾਰ ’ਤੇ ਸਿਆਸੀ ਹਮਲਾ ਬੋਲਦਿਆਂ ਸ੍ਰੀ ਬਡਹੇੜੀ ਨੇ ਕਿਹਾ ਕਿ ਮੋਦੀ ਸਰਕਾਰ ਜੇ ਚਾਹੁੰਦੀ, ਤਾਂ ਇਹ ਮਾਮਲਾ ਦੋ ਮਹੀਨੇ ਪਹਿਲਾਂ ਹੀ ਹੱਲ ਹੋ ਜਾਣਾ ਸੀ, ਜਿਸ ਦਿਨ ਕਿਸਾਨ ਆਪਣੇ ਘਰਾਂ ਤੋਂ ਰਵਾਨਗੀ ਪਾਉਣ ਲੱਗੇ ਸਨ ਪਰ ਭਾਜਪਾ ਸਰਕਾਰ ਦੀ ਅੜੀ ਕਾਰਣ ਅਜਿਹੇ ਭਾਣੇ ਵਰਤ ਗਏ। ਹੁਣ ਤੱਕ ਦੀ 11 ਗੇੜ ਦੀ ਗੱਲਬਾਤ ਤੋਂ ਬਾਅਦ ਵੀ ਇਹ ਮਾਮਲਾ ਜਾਣਬੁੱਝ ਕੇ ਕਿਸੇ ਤਣਓਪੱਤਣ ਨਹੀਂ ਲਾਇਆ ਗਿਆ।