ਭਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੱਧੂ ਸਿਰੇ ਦਾ ਮੌਕਾਪ੍ਰਸਤ ਤੇ ਦਿਸ਼ਾਹੀਣ ਆਗੂ: ਵੜੈਚ

ਕਾਂਗਰਸ ਦੀ ਮੁੰਨੀ ਬਾਈ ਨਾਲ ਤੁਲਨਾ ਕਰਨ ਵਾਲਾ ਨਵਜੋਤ ਸਿੱਧੂ ਹੁਣ ਕਿਹੜੇ ਮੂੰਹ ਨਾਲ ਕਰੇਗਾ ਸਿਫ਼ਤ:

ਆਰਐਸਐਸ ਤੇ ਭਾਜਪਾ ਦਲਿਤ ਵਿਰੋਧੀ, ਰਾਖਵੇਂਕਰਨ ਦੇ ਖ਼ਿਲਾਫ਼ ਆਰਐਸਐਸ ਦੇ ਸਟੈਂਡ ਕਾਰਨ ਅਸਲੀ ਚਿਹਰਾ ਆਇਆ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੂੰ ਸਿਰੇ ਮੌਕਾਪ੍ਰਸਤ ਅਤੇ ਮੁੱਦਾਹੀਣ ਆਗੂ ਦੱਸਦਿਆਂ ਕਿਹਾ ਕਿ ਸਿੱਧੂ ਨੇ ਪੰਜਾਬ ਵਿਰੋਧੀ ਤਾਕਤਾਂ ਨਾਲ ਹੱਥ ਮਿਲਾ ਲਿਆ ਹੈ ਅਤੇ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਆਮ ਲੋਕਾਂ ਦੀ ਲੜਾਈ ਨੂੰ ਕਮਜੋਰ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਕੈਪਟਨ ਅਮਰਿੰਦਰ ਅਤੇ ਬਾਦਲ ਪਰਿਵਾਰ ਦੇ ਨਾਜਾਇਜ਼ ਸਿਆਸੀ ਗੱਠਜੋੜ ਨੂੰ ਵਾਪਸ ਲਿਆ ਸਕੇ। ਅੱਜ ਇੱਥੇ ਆਪ ਪੰਜਾਬ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜੇਕਰ ਸਿੱਧੂ ਦਾ ਨਿਸ਼ਾਨਾ ਬਾਦਲਾਂ ਦਾ ਭ੍ਰਿਸ਼ਟਾਚਾਰ ਸੀ, ਤਾਂ ਉਹ ਅਕਾਲੀ-ਭਾਜਪਾ ਗੱਠਜੋੜ ਵਿੱਚ 10 ਸਾਲ ਕਿਉਂ ਨਾਲ ਰਹੇ। ਉਨ੍ਹਾਂ ਦੀ ਪਤਨੀ ਮੁੱਖ ਸੰਸਦ ਸਕੱਤਰ ਸੀ ਅਤੇ ਸਰਕਾਰ ਤੋਂ ਬਾਹਰ ਨਹੀਂ ਆਈ। ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੀ ਲਗਭਗ ਦਸ ਸਾਲ ਪੰਜਾਬ ਤੋਂ ਦੂਰ ਅੱਖਾਂ ਬੰਦ ਕਰੀ ਬੈਠੇ ਰਹੇ।
ਸ੍ਰੀ ਵੜੈਚ ਨੇ ਕਿਹਾ ਕਿ ਕਾਂਗਰਸ ਦੀ ਮੁੰਨੀ ਬਾਈ ਨਾਲ ਤੁਲਨਾ ਕਰਨ ਵਾਲਾ ਸਿੱਧੂ ਹੁਣ ਕਿਹੜੇ ਮੂੰਹ ਨਾਲ ਕਾਂਗਰਸ ਪਾਰਟੀ ਦੀ ਸਿਫ਼ਤ ਕਰੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਭ੍ਰਿਸ਼ਟਾਚਾਰ ਅਤੇ ਉਨਾਂ ਦੇ ਅਪਰਾਧਾਂ ਵਿੱਚ ਸਿੱਧੂ ਵੀ ਬਰਾਬਰ ਦੇ ਹਿੱਸੇਦਾਰ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਨਾ ਸਿਰਫ ਇੱਕ ਭ੍ਰਿਸ਼ਟਾਚਾਰੀ ਪਾਰਟੀ ਨੂੰ ਛੱਡ ਕੇ ਦੂਜੀ ਭ੍ਰਿਸ਼ਟਾਚਾਰੀ ਪਾਰਟੀ ਦਾ ਪੱਲਾ ਫੜਿਆ ਹੈ, ਬਲਕਿ ਆਪਣਾ ਸਿਆਸੀ ਪਿਤਾ ਵੀ ਬਦਲ ਲਿਆ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਨੇ ਕਾਂਗਰਸ ਦਾ ਇਸ ਉਮੀਦ ਨਾਲ ਪੱਲਾ ਫੜਿਆ ਹੈ ਕਿ ਉਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਿੱਧੂ ਨੇ ਪਹਿਲਾਂ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਮਾਂ ਐਲਾਨਿਆ ਸੀ ਅਤੇ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਸੀ। ਵੜੈਚ ਨੇ ਕਿਹਾ ਕਿ ਸਿੱਧੂ ਨੇ ਬਾਦਲ ਪਰਿਵਾਰ ਉਤੇ ਦਸ ਸਾਲ ਭ੍ਰਿਸ਼ਟਾਚਾਰ ਕਰਨ ਅਤੇ ਬੇਹਿਸਾਬੀ ਦੌਲਤ ਇੱਕੱਠੀ ਕਰਨ ਦਾ ਦੋਸ਼ ਮੜਿਆ ਹੈ, ਪ੍ਰੰਤੂ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹੁ-ਕਰੋੜੀ ਘੋਟਾਲਿਆਂ ਬਾਰੇ ਕਿਓਂ ਚੁੱਪ ਹਨ। ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੱਕੋ-ਨੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਰਹੀ, ਜਿਨਾਂ ਵਿੱਚ 2ਜੀ ਸਪੈਕਟ੍ਰਮ, ਕੋਲ ਘੁਟਾਲਾ ਅਤੇ ਕੌਮਨਵੈਲਥ ਗੇਮਸ ਘੁਟਾਲਾ ਸ਼ਾਮਲ ਸੀ। ਬੀਜੇਪੀ ਸਾਂਸਦ ਹੁੰਦਿਆਂ ਸਿੱਧੂ ਲੋਕ ਸਭਾ ਵਿੱਚ ਕਾਂਗਰਸ ਵੱਲੋਂ ਪੰਜਾਬ ਅਤੇ ਕੇਂਦਰ ਵਿੱਚ ਕੀਤੇ ਭ੍ਰਿਸ਼ਟਾਚਾਰ ਨੂੰ ਨਿਸ਼ਾਨਾ ਬਣਾਉਂਦੇ ਰਹੇ। ਉਨ੍ਹਾਂ ਸਵਾਲ ਕੀਤਾ ਕਿ ਕੀ ਕਾਂਗਰਸ ਹੁਣ ਦੁੱਧ-ਧੋਤੀ ਹੋ ਗਈ ਅਤੇ ਕੇਵਲ ਉਹੀ ਪੰਜਾਬ ਨੂੰ ਬਚਾ ਸਕਦੀ ਹੈ।
ਆਪ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਸਿੱਧੂ ਬਾਰੇ ਪੈਂਤਰਾ ਬਦਲਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਹੁਣ ਸਿੱਧੂ ਨੂੰ ਆਪਣੀ ਟੀਮ ਦਾ ਅਨਮੋਲ ਮੈਂਬਰ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਨੂੰ ਗੁਜਰਿਆਂ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਇੱਕ ਬੁਰਾ ਵਿਅਕਤੀ ਦੱਸਿਆ ਜਾਂਦਾ ਸੀ। ਇਸ ਤੋਂ ਇਲਾਵਾ ਕੈਪਟਨ ਵੱਲੋਂ ਸਿੱਧੂ ਜੋੜੇ ਨੂੰ ਬੇਕਾਰ ਅਤੇ ਅਨੁਸ਼ਾਸਿਤਹੀਣ ਦੱਸਿਆ ਜਾਂਦਾ ਸੀ ਅਤੇ ਕੈਪਟਨ ਕਹਿੰਦੇ ਸਨ ਕਿ ਸਿੱਧੂ ਕਮੇਡੀ ਕਰਨ ਲਈ ਹੀ ਸਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਕੋਲ ਪੰਜਾਬ ਲਈ ਕੋਈ ਰੋਡਮੈਪ ਨਹੀਂ ਹੈ ਅਤੇ ਦੋਵੇਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਉਨਾਂ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ।
ਉਧਰ, ਆਪ ਆਗੂ ਸ੍ਰੀ ਵੜੈਚ ਨੇ ਆਰਐਸਐਸ ਦੇ ਬੁਲਾਰੇ ਮਨਮੋਹਨ ਵੈਦ ਦੇ ਉਸ ਬਿਆਨ ਦੀ ਕਰੜੀ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਆਰਐਸਐਸ ਰਾਖਵੇਂਕਰਨ ਦੇ ਖਿਲਾਫ ਹੈ ਅਤੇ ਸਹਿਮਤੀ ਦੇ ਨਾਲ ਰਾਖਵਾਂਕਰਨ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਵੈਦ ਨੇ ਜੈਪੁਰ ਵਿੱਚ ਚੌਂਕਾ ਦੇਣ ਵਾਲਾ ਬਿਆਨ ਦਿੱਤਾ ਹੈ ਅਤੇ ਇਸ ਨਾਲ ਆਰਐਸਐਸ ਅਤੇ ਇਸ ਦੀ ਸ਼ਾਖਾ ਭਾਜਪਾ, ਜਿਸ ਦਾ ਕਿ ਅਕਾਲੀ ਦਲ ਨਾਲ ਗੱਠਜੋੜ ਹੈ, ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਵੱਲੋਂ ਸਮਾਜ ਦੇ ਗਰੀਬ ਵਰਗਾਂ ਨੂੰ ਵੱਖ-ਵੱਖ ਕਰਨ ਲਈ ਗੁਪਤ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਵੱਲੋਂ ਦਿੱਤੇ ਜਾਂਦੇ ਫਾਇਦਿਆਂ ਤੋਂ ਵਾਂਝਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਦੇਸ਼ ਵਿਰੋਧੀ ਗਰੁੱਪ ਹੈ ਅਤੇ ਇਸ ਦੇ ਆਗੂਆਂ ਦੇ ਮਨਾਂ ਵਿੱਚ ਦਲਿਤਾਂ ਖਿਲਾਫ ਕੁੱਟ-ਕੁੱਟ ਕੇ ਜ਼ਾਹਿਰ ਭਰਿਆ ਹੋਇਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…