ਨਵਜੋਤ ਸਿੱਧੂ ਤੇ ਪਰਮਜੀਤ ਨਾਭਾ ਦਾ ਬਾਬਾ ਫਰੀਦ ਐਵਾਰਡ-2017 ਨਾਲ ਸਨਮਾਨ

ਬਾਬਾ ਫਰੀਦ ਦੀ ਧਰਤੀ ਤੋਂ ਇਮਾਨਦਾਰੀ ਲਈ ਮਿਲਿਆ ਇਨਾਮ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ: ਨਵਜੋਤ ਸਿੱੱਧੂ
ਨਵਜੋਤ ਸਿੱਧੂ ਨੂੰ ਇਮਾਨਦਾਰੀ ਤੇ ਪਰਮਜੀਤ ਨਾਭਾ ਨੂੰ ਮਨੁੱਖਤਾ ਦੀ ਸੇਵਾ ਲਈ ਕੀਤਾ ਗਿਆ ਸਨਮਾਨਿਤ
ਨਬਜ਼-ਏ-ਪੰਜਾਬ ਬਿਊਰੋ, ਫਰੀਦਕੋਟ, 23 ਸਤੰਬਰ:
ਬਾਬਾ ਫਰੀਦ ਆਗਮਨ ਪੁਰਬ 2017 ਦੀ ਅੱਜ ਸਮਾਪਤੀ ਹੋ ਗਈ।19 ਸਤੰਬਰ ਤੋਂ 23 ਸਤੰਬਰ ਤੱਕ ਚੱਲੇ ਸਮਾਗਮਾ ਦੀ ਸਮਾਪਤੀ ਵਾਲੇ ਦਿਨ ਅੱਜ ਟਿੱਲਾ ਬਾਬਾ ਫਰੀਦ ਤੋਂ ਗੁਰਦੁਵਾਰਾ ਮਾਈ ਗੋਦੜੀ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਵਾਰਾ ਗੋਦੜੀ ਸਾਹਿਬ ਵਿਖੇ ਸਮਾਗਮ ਦੌਰਾਨ ਮੁੱਖ ਮਹਿਮਾਨ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜਾ, ਅੰਮ੍ਰਿਤਸਰ, ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ ਸੰਪਰਦਾਏ ਅਤੇ ਸ. ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅੰਤਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਮੌਜੂਦਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੂੰ ਆੱਨੈਸਟੀ ਅਵਾਰਡ ਅਤੇ ਸ. ਪਰਮਜੀਤ ਸਿੰਘ ਨਾਭਾ ਨੂੰ ਭਗਤ ਪੂਰਨ ਸਿੰਘ ਅਵਾਰਡ ਆਫ਼ ਹਿਊਮੈਨਿਟੀ ਨਾਲ ‘ਚ ਸੰਗਤਾਂ ਵੱਡੀ ਗਿਣਤੀ ਦੀ ਹਾਜ਼ਰੀ ‘ਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਵਾਂ ਸਖਸ਼ੀਅਤਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ ਅਤੇ ਪ੍ਰਸ਼ੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਬਾਬਾ ਫਰੀਦ ਸੁਸਾਇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇਮਾਨਦਾਰੀ ਨਾਲ ਕੰਮ ਕਾਜ ਕਰਨ ਲਈ ਇਹ ਇਨਾਮ ਦਿੱਤਾ ਗਿਆ ਹੈ ਜਦਕਿ ਪਰਮਜੀਤ ਸਿੰਘ ਨਾਭਾ ਜੋ ਇੱਕ ਸਕੂਟਰ ਮਕੈਨਿਕ ਹੈ ਨੂੰ ਮਨੁਖਤਾ ਦੀ ਸੇਵਾ ਕਰਨ ਲਈ ਇਨਾਮ ਨਾਲ ਨਿਵਾਜਿਆ ਗਿਆ ਹੈ। ਪਰਮਜੀਤ ਸਿੰਘ ਪਿਛਲੇ 20 ਸਾਲ ਤੋਂ ਐਕਸੀਡੈਂਟ ਹੋਣ ’ਤੇ ਲੋਕਾਂ ਨੂੰ ਹਸਪਤਾਲ ਵਿਚ ਪਹੁੰਚਾਉਣ ਦੀ ਸੇਵਾ ਕਰ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਮਾਨਦਾਰੀ ਅੱਜ ਬਾਬਾ ਫਰੀਦ ਦੀ ਧਰਤੀ ਤੋਂ ਮਿਲਿਆ ਇਨਾਮ ਉਨਾਂ ਦੀ ਜਿੰਦਗੀ ਦੀ ਸਭ ਤੋਂ ਵੱਡੀ ਉਪਲੱਭਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਸਨਮਾਨ ਵਿਚ ਮਿਲੀ ਇੱਕ ਲੱਖ ਰੁਪਏ ਦੀ ਰਾਸ਼ੀ ਵਿਚ ਇੱਕ ਲੱੱਖ ਹੋਰ ਆਪਣੇ ਪੱਲੇ ਤੋਂ ਪਾ ਕੇ 2 ਲੱਖ ਰੁਪਏ ਸੂਫੀ ਗਾਇਕ ਈਦੂ ਸ਼ਰੀਫ ਨੂੰ ਦੇਣ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਸੂਫੀ ਗਾਇਕ ਈਦੂ ਸ਼ਰੀਫ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਅਤੇ ਆਰਥਿਕ ਤੰਗੀ ਕਾਰਨ ਉਸ ਦੇ ਇਲਾਜ਼ ਵਿਚ ਪਰਿਵਾਰ ਨੂੰ ਕਾਫੀ ਅੌਕੜਾਂ ਆ ਰਹੀਆਂ ਹਨ। ਇਸ ਸਾਲ ਬਾਬਾ ਫਰੀਦ ਸੁਸਾਇਟੀ ਵਲੋਂ ਨਿਵੇਕਲੀ ਪਹਿਲ ਕਰਦਿਆਂ ਸਵੱਸ਼ਤਾ ਅਭਿਆਨ ਲਈ ਇਨਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਇਨਾਮ ਅੰਮ੍ਰਿਤਸਰ ਦੇ ਰਹਿਣ ਵਾਲੇ ਵਕੀਲ ਸ੍ਰੀ ਲਾਲਵਾਨੀ ਨੂੰ ਦਿੱਤਾ ਗਿਆ ਹੈ। ਇਸ ਮੌਕੇ ਸਥਾਨਕ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ, ਡਾ. ਅਮਰ ਸਿੰਘ ਓ.ਐਸ.ਡੀ ਸਥਾਨਕ ਸਰਕਾਰਾਂ ਮੰਤਰੀ, ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ, ਐਸ.ਐਸ.ਪੀ ਡਾ. ਨਾਨਕ ਸਿੰਘ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਂਈ, ਮੁਹੰਮਦ ਸਦੀਕ ਸਾਬਕਾ ਵਿਧਾਇਕ, ਪਵਨ ਗੋਇਲ ਜੈਤੋਂ, ਸੁਰਿੰਦਰ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।
ਇਸ ਮੌਕੇ ਸਟੇਜ ਸਕੱਤਰ ਦੀ ਭੂਮੀਕਾ ਉੱਘੇ ਲੇਖਕ ਸ੍ਰੀ ਨਿੰਦਰ ਘੁੰਗਿਆਣਵੀ ਨੇ ਨਿਭਾਈ। ਪੰਜ ਦਿਨ ਚੱਲੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੇਲੇ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਸੁਖਮਣੀ ਸਾਹਿਬ ਦੇ ਪਾਠ ਅਤੇ ਅਰਦਾਸ ਮਗਰੋਂ ਹੋਇਆ ਸੀ। ਇੰਨਾਂ ਪੰਜ ਦਿਨਾਂ ਦੌਰਾਨ ਸ਼ਹਿਰ ਦੀਆਂ ਵੱਖ ਵੱਖ ਬਾਬਾ ਫਰੀਦ ਸੇਵਾ ਸੁਸਾਇਟੀ, ਵਿਦਿਆਕ ਅਦਾਰਿਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਨਾਟਕ ਮੇਲੇ, ਖੇਡ ਮੁਕਾਬਲੇ, ਪੇਂਡੂ ਖੇਡ ਮੇਲਾ, ਲੋਕ ਨਾਚ ਮੁਕਾਬਲੇ, ਸੱੱਭਿਆਚਾਰਕ ਪ੍ਰੋਗਰਾਮ, ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ, ਪੁਸਤਕ ਮੇਲਾ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ ਕਾਫਲਾ-ਏ-ਵਿਰਾਸਤ ਸ਼ਹਿਰ ਦੇ ਵੱਖ ਵੱਖ ਹਿੱੱਸਿਆਂ ਵਿਚੋਂ ਦੀ ਕੱਢੀ ਗਈ ਅਤੇ ਪੁਰਾਤਨ ਵਸਤਾਂ ਦੀ ਵਿਰਾਸਤੀ ਪ੍ਰਦਰਸ਼ਨੀ ਲਗਾਈ ਗਈ। ਇਨਾਂ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਬਾਬਾ ਫਰੀਦ ਜੀ ਦੀ ਜੀਵਨ ਸ਼ੈਲੀ ਅਤੇ ਫਲਸਫੇ ਬਾਰੇ ਰਾਸ਼ਟਰੀ ਸੈਮੀਨਾਰ ਅਤੇ ਸੂਫੀ ਗਾਇਕ ਕੰਵਰ ਗਰੇਵਾਲ ਦਾ ਸ਼ਾਮ-ਏ-ਸੂਫ਼ੀਆਨਾ ਪ੍ਰੋਗਰਾਮ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…