
ਨਵਜੋਤ ਸਿੱਧੂ ਨੇ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲਣ ਦੀ ਮੁਹਿੰਮ ਵਿੱਢੀ, ਦੇਖੋ ਕਿਸ ਕਿਸ ਨੂੰ ਮਿਲੇ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਜਿੱਤੇਗਾ ਪੰਜਾਬ ਦਾ ਦਿੱਤਾ ਨਾਅਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਖ਼ਤ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਦੀ ਮੁਹਿੰਮ ਵਿੱਢ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਨੇ ਪਟਿਆਲਾ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਸਿੱਧੂ ਮੁਹਾਲੀ ਸਥਿਤ ਸਰਹਿੰਦ ਤੋਂ ਵਿਧਾਇਕ ਅਤੇ ਪਾਰਟੀ ਦੇ ਨਵੇਂ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੇ ਘਰ ਪਹੁੰਚੇ। ਇੱਥੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਸਿੱਧੂ, ਮਦਨ ਲਾਲ ਜਲਾਲਪੁਰ, ਰਾਜਾ ਵੜਿੰਗ ਸਮੇਤ ਹੋਰ ਕਾਂਗਰਸੀ ਆਗੂ ਤੇ ਸਮਰਥਨ ਮੌਜੂਦ ਸਨ। ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਨਾਗਰਾ ਦੇ ਘਰ ਕੇਕ ਵੀ ਕੱਟਿਆ ਗਿਆ। ਇਸ ਮੌਕੇ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਹੁੰਝਾਫੇਰ ਜਿੱਤ ਹਾਸਲ ਕਰਕੇ ਫਿਰ ਤੋਂ ਸਰਕਾਰ ਬਣਾਏਗੀ।
ਇਸ ਤੋਂ ਬਾਅਦ ਸਿੱਧੂ ਆਪਣੇ ਸਮਰਥਕਾਂ ਦੇ ਕਾਫ਼ਲੇ ਨਾਲ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਪਹੁੰਚੇ। ਜਿੱਥੇ ਪਹਿਲਾਂ ਤੋਂ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁੱਖ ਸਰਕਾਰੀਆ ਸਮੇਤ ਵਿਧਾਇਕ ਪ੍ਰਗਟ ਸਿੰਘ, ਲਖਵੀਰ ਸਿੰਘ ਲੱਖਾ, ਵਿਧਾਇਕ ਸ਼ਤਰਾਣਾ ਅਤੇ ਹੋਰ ਕਈ ਵਿਧਾਇਕ ਮੌਜੂਦ ਸਨ। ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਥਾਂ ਥਾਂ ਜਸ਼ਨ ਮਨਾਏ ਜਾ ਰਹੇ ਹਨ ਅਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ।