ਨਵਜੋਤ ਸਿੱਧੂ ਵੱਲੋਂ ਲੋਕ ਢਾਡੀ ਗਾਇਕ ਈਦੂ ਸ਼ਰੀਫ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਟ

ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਈਦੂ ਸ਼ਰੀਫ ਦੀ ਹੋਰ ਮੱਦਦ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਸਤੰਬਰ:
ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਅਧਰੰਗ ਦੀ ਬਿਮਾਰੀ ਨਾਲ ਜੂਝ ਰਹੇ ਪ੍ਰਸਿੱਧ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਘਰ ਜਾ ਕੇ ਆਪਣੇ ਕੋਲੋਂ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ। ਅੱਜ ਇਥੇ ਮਨੀਮਾਜਰਾ ਸਥਿਤ ਈਦੂ ਸ਼ਰੀਫ ਦੇ ਘਰ ਇਹ ਵਿੱਤੀ ਸਹਾਇਤਾ ਭੇਟ ਕਰਨ ਮੌਕੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ, ਸਕੱਤਰ ਜਨਰਲ ਸ. ਲਖਵਿੰਦਰ ਸਿੰਘ ਜੌਹਲ ਤੇ ਡਾ.ਨਿਰਮਲ ਜੌੜਾ ਵੀ ਉਨ੍ਹਾਂ ਦੇ ਨਾਲ ਸਨ। ਸ੍ਰੀ ਸਿੱਧੂ ਨੂੰ ਬੀਤੇ ਦਿਨੀਂ ਫਰੀਦਕੋਟ ਵਿਖੇ ਬਾਬਾ ਫਰੀਦ ਮੇਲੇ ਦੌਰਾਨ ਇਮਾਨਦਾਰੀ ਐਵਾਰਡ ਨਾਲ ਸਨਮਾਨ ਵਿੱਚ ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਵੀ ਮਿਲੀ ਜਿੱਥੇ ਉਨ੍ਹਾਂ ਐਲਾਨ ਕੀਤਾ ਸੀ ਕਿ ਇਸ ਇਨਾਮ ਰਾਸ਼ੀ ਵਿੱਚ ਆਪਣੇ ਕੋਲੋਂ ਇਕ ਲੱਖ ਰੁਪਏ ਹੋਰ ਪਾ ਕੇ ਕੁੱਲ 2 ਲੱਖ ਗੁਰਬਤ ਤੇ ਬਿਮਾਰੀ ਨਾਲ ਜੂਝ ਰਹੇ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੀ ਮਦਦ ਕੀਤੀ ਜਾਵੇਗੀ।
ਸ੍ਰੀ ਸਿੱਧੂ ਨੇ ਆਪਣੇ ਐਲਾਨ ਤੋਂ ਦੋ ਦਿਨ ਬਾਅਦ ਹੀ ਅੱਜ ਕਲਾ ਪ੍ਰੀਸ਼ਦ ਦੇ ਅਹੁਦੇਦਾਰਾਂ ਨਾਲ ਈਦੂ ਸ਼ਰੀਫ ਦੇ ਘਰ ਜਾ ਕੇ ਜਿੱਥੇ 2 ਲੱਖ ਰੁਪਏ ਦੀ ਰਾਸ਼ੀ ਵਿੱਤੀ ਸਹਾਇਤਾ ਵਜੋਂ ਭੇਂਟ ਕੀਤੀ ਉਥੇ ਪਰਿਵਾਰ ਨੂੰ ਹੋਰ ਵੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਈਦੂ ਸ਼ਰੀਫ ਦੀ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਭਾਵੇਂ ਥੋੜੀ ਹੈ ਪਰ ਇਸ ਵਿੱਚ ਬਾਬਾ ਫਰੀਦ ਦੀਆਂ ਦੁਆਵਾਂ ਵੀ ਜੁੜੀਆਂ ਹਨ। ਉਨ੍ਹਾਂ ਇਸ ਨੇਕ ਕੰਮ ਦਾ ਸਿਹਰਾ ਡਾ.ਸੁਰਜੀਤ ਪਾਤਰ ਸਿਰ ਬੰਨ੍ਹਿਆ ਜਿਨ੍ਹਾਂ ਨੇ ਈਦੂ ਸ਼ਰੀਫ ਦਾ ਮਾਮਲਾ ਕਲਾ ਪ੍ਰੀਸਦ ਦੀ ਮੀਟੰਗ ਵਿੱਚ ਉਨ੍ਹਾਂ ਦਾ ਧਿਆਨ ਲਿਆਂਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਡਾ.ਪਾਤਰ ਦੀ ਅਗਵਾਈ ਹੇਠ ਕਲਾ ਪ੍ਰੀਸ਼ਦ ਪੰਜਾਬ ਦੇ ਕਲਾਕਾਰਾਂ ਤੇ ਸਾਹਿਤਕਾਰਾਂ ਦੀ ਪੂਰੀ ਤਰ੍ਹਾਂ ਸੰਭਾਲ ਕਰੇਗ।
ਇਸ ਮੌਕੇ ਈਦੂ ਸ਼ਰੀਫ ਤੇ ਉਨ੍ਹਾਂ ਦੇ ਪੁੱਤਰ ਵਿੱਕੀ ਨੇ ਲੋਕ ਤੱਥ ਭਰਪੂਰ ਗੀਤ ‘ਜ਼ਿੰਦਗੀ ਦੇ ਰੰਗ ਸੱਜਣਾ’ ਗਾ ਕੇ ਵੀ ਸੁਣਾਇਆ ਜਿਸ ’ਤੇ ਸ. ਸਿੱਧੂ ਨੇ ਈਦੂ ਸ਼ਰੀਫ ਨੂੰ ਦਿਲਾਸਾ ਦਿੰਦਿਆਂ ਆਖਿਆ ਕਿ ਜ਼ਿੰਦਗੀ ਦੇ ਇਸ ਅੌਖੇ ਦੌਰ ਵਿੱਚ ਉਹ ਉਨ੍ਹਾਂ ਨਾਲ ਖੜ੍ਹੇ ਹਨ। ਈਦੂ ਸ਼ਰੀਫ ਦਾ ਪਰਿਵਾਰ ਜੋ ਆਰਥਿਕ ਤੰਗਹਾਲੀ ਵਿੱਚ ਛੋਟੇ ਜਿਹੇ ਘਰ ਵਿੱਚ ਗੁਜ਼ਾਰਾ ਕਰ ਰਿਹਾ ਹੈ, ਨੇ ਮੰਗ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਜਗ੍ਹਾਂ ਜਾ ਘਰ ਮਿਲੇ ਜਾਵੇ ਤਾਂ ਬਿਹਤਰ ਹੋਵੇਗਾ। ਸ. ਸਿੱਧੂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲ ਕਰਨਗੇ ਅਤੇ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦੀ ਆਰਥਿਕ ਮੰਦਹਾਲੀ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਸਾਬਕਾ ਕ੍ਰਿਕਟਰਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਖਿਡਾਰੀ ਬੁਢਾਪੇ ਵਿੱਚ ਆਰਥਿਕ ਮੰਦਹਾਲੀ ਦਾ ਸ਼ਿਕਾਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਜਿਹੇ ਅਜ਼ੀਮ ਫ਼ਨਕਾਰਾਂ, ਸਾਹਿਤਕਾਰਾਂ ਤੇ ਹੋਰਨਾ ਕਲਾਕਾਰਾਂ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਕਮਰਸ਼ੀਅਲ ਹੋਣ ਦੀ ਬਜਾਏ ਲੋਕਾਂ ਨੂੰ ਸਮਰਪਿਤ ਸਾਰਥਿਕ ਭਰਪੂਰ ਕਲਾ ਨੂੰ ਲੇਖੇ ਲਾਈ ਹੈ, ਦੀ ਬੁਢਾਪੇ ਵਿੱਚ ਸਹਾਇਤਾ ਲਈ ਅਜਿਹਾ ਕੌਰਪਸ ਫੰਡ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਫੰਡ ਬਣਾਉਣ ਬਾਰੇ ਵਿਚਾਰ ਕੀਤਾ ਜਾਵੇਗਾ ਤਾਂ ਜੋ ਕਿਸੇ ਲੋਕ ਨਾਇਕ ਕਲਾਕਾਰ ਨੂੰ ਬੁਢਾਪੇ ਵਿੱਚ ਆਰਥਿਤ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸ. ਸਿੱਧੂ ਦੇ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਆਪਣੇ ਕੋਲੋਂ ਪੰਜਾਬ ਦੇ ਮਹਾਨ ਢਾਡੀ ਲੋਕ ਗਾਇਕ ਦੀ ਵਿੱਤੀ ਮੱਦਦ ਕੀਤੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਲਾ ਪ੍ਰੀਸ਼ਦ ਜਿੱਥੇ ਪੰਜਾਬ ਦੀਆਂ ਅਲੋਪ ਹੋ ਰਹੀਆਂ ਕਲਾਵਾਂ, ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰੇਗੀ ਉਥੇ ਈਦੂ ਸ਼ਰੀਫ ਜਿਹੇ ਫ਼ਨਕਾਰਾਂ ਦੀ ਸੰਭਾਲ ਲਈ ਵੀ ਕੋਈ ਨੀਤੀ ਬਣਾ ਕੇ ਸਾਰਥਕ ਕਦਮ ਚੱੁਕੇਗੀ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…