ਨਵਜੋਤ ਸਿੰਘ ਸਿੱਧੂ ਬਿਨਾਂ ਸ਼ਰਤ ਹੋ ਰਹੇ ਨੇ ਕਾਂਗਰਸ ਵਿੱਚ ਸ਼ਾਮਲ: ਕੈਪਟਨ ਦਾ ਦਾਅਵਾ

ਉਭ ਮੁੱਖ ਮੰਤਰੀ ਦੇ ਅਹੁਦੇ ਬਾਰੇ ਹਾਈ ਕਮਾਂਡ ਵੱਲੋਂ ਉਚਿਤ ਸਮੇਂ ’ਤੇ ਲਿਆ ਜਾਵੇਗਾ ਢੁਕਵਾਂ ਫੈਸਲਾ: ਕੈਪਟਨ ਅਮਰਿੰਦਰ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 11 ਜਨਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਮੁੜ ਦੁਹਰਾਇਆ ਹੈ ਕਿ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਅਹੁਦੇ ਸਬੰਧੀ ਕੋਈ ਫੈਸਲਾ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਵੱਲੋਂ ਉਚਿਤ ਸਮੇਂ ’ਤੇ ਲਿਆ ਜਾਵੇਗਾ।
ਇਥੇ ਸਾਬਕਾ ਕਾਂਗਰਸੀ ਆਗੂ ਦਰਬਾਰੀ ਲਾਲ ਦੀ ਘਰ ਵਾਪਿਸੀ ਮੌਕੇ ਚੁਨਿੰਦਾ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਦੀ ਪਤਨੀ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਉਹ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਹੋਣਗੇ। ਜਦਕਿ ਉਨ੍ਹਾਂ ਦੇ ਪਾਰਟੀ ’ਚ ਸ਼ਾਮਿਲ ਹੋਣ ਨੂੰ ਲੈ ਕੇ ਹੋ ਰਹੀ ਦੇਰੀ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਿੱਧੂ ਦੀਆਂ ਪ੍ਰੋਫੈਸ਼ਨਲ ਵਚਨਬੱਧਤਾਵਾਂ ਕਾਰਨ ਹੋ ਰਿਹਾ ਹੈ, ਜਿਨ੍ਹਾਂ ਨੂੰ ਉਹ ਚੋਣਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪੂਰਾ ਕਰਨਾ ਚਾਹੁੰਦੇ ਹਨ।
ਇਸੇ ਤਰ੍ਹਾਂ, ਬਾਕੀ ਟਿਕਟਾਂ ਨੂੰ ਲੈ ਕੇ ਹੋ ਰਹੀ ਦੇਰੀ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਦੀ ਕੇਂਦਰੀ ਅਗਵਾਈ ਨੂੰ ਪੰਜ ਸੂਬਿਆਂ ਨੂੰ ਦੇਖਣਾ ਹੈ ਅਤੇ ਅਜਿਹੇ ’ਚ ਫੈਸਲਾ ਲੈਣ ਦੀ ਪ੍ਰੀਕ੍ਰਿਆ ’ਚ ਦੇਰੀ ਹੋਣਾ ਸੁਭਾਵਿਕ ਹੈ। ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਥਾਵਾਂ ’ਤੇ ਬਾਹਰੀਆਂ ਨੂੰ ਟਿਕਟ ਦੇਣ ਤੋਂ ਇਨਕਾਰ ਕੀਤਾ, ਜਿਥੇ ਕਾਂਗਰਸ ਕੋਲ ਆਪਣੇ ਮਜ਼ਬੂਤ ਉਮੀਦਵਾਰ ਹਨ।
ਆਮ ਆਦਮੀ ਪਾਰਟੀ ਆਗੂ ਮਨੀਸ਼ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ’ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਦੇ ਮੱੁਖ ਮੰਤਰੀ ਦੀ ਸਾਜਿਸ਼ ਦਾ ਪੂਰੀ ਤਰ੍ਹਾਂ ਨਾਲ ਭਾਂਡਾਫੋੜ ਹੋ ਚੁੱਕਾ ਹੈ, ਜਿਹੜੇ ਇਥੋਂ ਤੱਕ ਕਿ ਬਿਨ੍ਹਾਂ ਚੋਣਾਂ ਲੜੇ ਪੰਜਾਬ ਦਾ ਸੀ.ਐਮ ਬਣਨਾ ਚਾਹੁੰਦੇ ਹਨ। ਲੇਕਿਨ ਪੰਜਾਬ ਦੇ ਲੋਕ ਕਦੇ ਵੀ ਇਕ ਹਰਿਆਣਵੀ ਦੇ ਹੱਥ ਸੂਬੇ ਦੀ ਕਮਾਂਡ ਨਹੀਂ ਸੰਭਾਲਣਗੇ, ਜਿਸ ’ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਮੈਨਿਫੈਸਟੋ ਦੀ ਅਕਾਲੀ ਦਲ ਤੇ ਆਪ ਵੱਲੋਂ ਕੀਤੀ ਜਾ ਰਹੀ ਅਲੋਚਨਾ ਨੂੰ ਖਾਰਿਜ਼ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਤੋਂ ਦਸਤਾਵੇਜ ਦੀ ਪ੍ਰਸ਼ੰਸ਼ਾ ਕੀਤੇ ਜਾਣ ਦੀ ਉਮਦੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਡਾ. ਮਨਮੋਹਨ ਸਿੰਘ ਵਰਗੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਦੀ ਮਨਜ਼ੂਰੀ ਪ੍ਰਾਪਤ ਇਹ ਮੈਨਿਫੈਸਟੋ, ਜਿਸਨੂੰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਡਿਪਟੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਤਿਆਰ ਕੀਤਾ ਹੈ, ਇਹ ਉੱਤਮ ਦਸਤਾਵੇਜ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਸੱਤਾ ’ਚ ਆਉਣ ਦੇ ਚਾਰ ਹਫਤਿਆਂ ਅੰਦਰ ਨਸ਼ੇ ਦੇ ਵਪਾਰ ’ਚ ਸ਼ਾਮਿਲ ਸਾਰਿਆਂ ਲੋਕਾਂ ਨੂੰ ਸਜ਼ਾ ਦੇਣ ਦੀ ਸਪੱਸ਼ਟ ਸੋਚ ਦਾ ਖੁਲਾਸਾ ਕੀਤਾ। ਜਿਸ ’ਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਮਾਮਲੇ ’ਚ ਕਿਸੇ ਨੂੰ ਵੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਸਾਰਿਆਂ ਨੂੰ ਲੰਬਾ ਪਾ ਦਿਆਂਗੇ।
ਹਾਲਾਂਕਿ, ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਉਪਰ ਜੁੱਤੀ ਸੁੱਟਣ ਤੇ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਕਾਫਿਲੇ ਦੀ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ, ਲੇਕਿਨ ਕਿਹਾ ਕਿ ਲੋਕਾਂ ਦਾ ਇਹ ਗੁੱਸਾ ਆਪਣੇ ਆਪ ਸਾਹਮਣੇ ਆ ਰਿਹਾ ਹੈ। ਜਿਸ ’ਤੇ ਉਨ੍ਹਾਂ ਨੇ ਲੋਕਾਂ ਨੂੰ ਬੀਤੇ 10 ਸਾਲਾਂ ਦੌਰਾਨ ਬਾਦਲਾਂ ਵੱਲੋਂ ਉਨ੍ਹਾਂ ਉਪਰ ਕੀਤੇ ਗਏ ਅੱÎਤਿਆਚਾਰਾਂ ਖਿਲਾਫ ਆਪਣਾ ਬਦਲਾ ਵੋਟ ਰਾਹੀਂ ਲੈਣ ਦੀ ਅਪੀਲ ਕੀਤੀ।
ਇਕ ਸਵਾਲ ਦੇ ਜਵਾਬ ’ਚ, ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਵੀ.ਵੀ.ਆਈ.ਪੀ ਕਲਚਰ ਸਮਾਪਤ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਤੇ ਇਸਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਦੇ ਵੀ.ਵੀ.ਆਈ.ਪੀ ਡਿਊਟੀ ਉਪਰ ਹੋਣ ਨਾਲ ਜ਼ਿਲ੍ਹਿਆਂ ਅੰਦਰ ਹੌਲਦਾਰਾਂ ਦੀ ਭਾਰੀ ਘਾਟ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਦਿਨ ’ਚ 12-18 ਘੰਟੇ ਕੰਮ ਕਰਨਾ ਪੈਂਦਾ ਹੈ। ਪ੍ਰਦੇਸ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਪੁਲਿਸ ਵਿਭਾਗ ਦੀ ਭਲਾਈ ਪਾਰਟੀ ਦੇ ਏਜੰਡੇ ’ਚ ਅੱਗੇ ਰਹੇਗੀ, ਜਿਸਨੂੰ ਲੈ ਕੇ ਮੈਨਿਫੈਸਟੋ ’ਚ ਵਾਅਦਾ ਕੀਤਾ ਗਿਆ ਹੈ।
ਇਕ ਹੋਰ ਸਵਾਲ ਦੇ ਜਵਾਬ ’ਚ ਕੈਪਟਨ ਅਮਰਿੰਦਰ ਨੇ ਇਕ ਬੀ.ਐਸ.ਐਫ ਜਵਾਨ ਦੀ ਵੀਡੀਓ ’ਚ ਫੋਰਸ ਅੰਦਰ ਖਾਣੇ ਦੀ ਅਨੁਚਿਤ ਤਜਵੀਜ ਹੋਣ ਨੂੰ ਲੈ ਕੇ ਕੀਤੇ ਗਏ ਦਾਅਵੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਏ ਮੁਤਾਬਿਕ ਹਾਲਾਤ ਸਹੀ ਪ੍ਰਤੀਤ ਹੁੰਦੇ ਹਨ ਅਤੇ ਇਸ ਲਈ ਬੀ.ਐਸ.ਐਫ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…