Nabaz-e-punjab.com

ਦੀਵਾਲੀ ਦੇ ਮੱਦੇਨਜ਼ਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼

ਮੈਡੀਕਲ ਸਟਾਫ਼, ਦਵਾਈਆਂ, ਐਂਬੂਲੈਂਸਾਂ ਤਿਆਰ-ਬਰ-ਤਿਆਰ ਰੱਖੇ ਜਾਣ: ਡਾ. ਮਨਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਦੀਵਾਲੀ ਦੇ ਤਿਉਹਾਰ ਦੇ ਸਨਮੁਖ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਤਮਾਮ ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੇ ਮੈਡੀਕਲ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਦੀਵਾਲੀ ਮੌਕੇ ਕਿਸੇ ਵੀ ਸੰਭਾਵੀ ਅਣਸੁਖਾਵੀਂ ਸਥਿਤੀ ਨਾਲ ਤੁਰੰਤ ਅਤੇ ਸੁਚੱਜੇ ਢੰਗ ਨਾਲ ਸਿੱਝਿਆ ਜਾ ਸਕੇ। ਡਾ. ਮਨਜੀਤ ਸਿੰਘ ਅਪਣੇ ਦਫ਼ਤਰ ਵਿੱਚ ਜ਼ਿਲੇ੍ਹ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਨਾਲ ਵਿਅਕਤੀਆਂ ਖ਼ਾਸਕਰ ਬੱਚਿਆਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਆਮ ਤੌਰ ’ਤੇ ਵਾਪਰ ਜਾਂਦੀਆਂ ਹਨ ਤੇ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਇਲਾਜ ਦੀ ਲੋੜ ਪੈਂਦੀ ਹੈ। ਅਜਿਹੀ ਹਾਲਤ ਵਿਚ ਹਸਪਤਾਲਾਂ ਵਿਚ ਲੋੜੀਂਦਾ ਮੈਡੀਕਲ ਸਟਾਫ਼, ਦਵਾਈਆਂ, ਟੈਸਟ ਅਤੇ ਹੋਰ ਸਾਜ਼ੋ-ਸਮਾਨ ਅਤਿ ਲੋੜੀਂਦਾ ਹੁੰਦਾ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਅਧੀਨ ਸਿਹਤ ਸੰਸਥਾਵਾਂ ਵਿੱਚ ਐਂਬੂਲੈਂਸਾਂ ਤਿਆਰ ਬਰ ਤਿਆਰ ਰਹਿਣ ਤੇ ਜਿੱਥੇ ਜ਼ਿਆਦਾ ਲੋੜ ਹੈ, ਉਥੇ ਵਾਧੂ ਐਂਬੂਲੈਂਸਾਂ ਵੀ ਤੈਨਾਤ ਕੀਤੀਆਂ ਜਾਣ।
ਸਿਵਲ ਸਰਜਨ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਨਾਲ ਵੀ ਤਾਲਮੇਲ ਰਖਿਆ ਜਾਵੇ ਤਾਕਿ ਲੋੜ ਪੈਣ ’ਤੇ ਉਨ੍ਹਾਂ ਹਸਪਤਾਲਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਪਸਤਾਲ ਮੁਹਾਲੀ ਸਮੇਤ ਜ਼ਿਲ੍ਹੇ ਦੇ ਹੋਰ ਵੱਡੇ ਸਰਕਾਰੀ ਹਸਪਤਾਲ ਅਪਣੇ ਤੌਰ ’ਤੇ ਮਰੀਜ਼ਾਂ ਨੂੰ ਫ਼ੌਰੀ ਅਤੇ ਮਿਆਰੀ ਇਲਾਜ ਮੁਹਈਆ ਕਰਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ ਪਰ ਦੀਵਾਲੀ ਮੌਕੇ ਕਈ ਵਾਰ ਸਰਕਾਰੀ ਹਸਪਸਾਲਾਂ ਵਿੱਚ ਮਰੀਜ਼ਾਂ ਦੀ ਭੀੜ ਇਕਦਮ ਜ਼ਿਆਦਾ ਹੋ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ। ਅਜਿਹੀ ਹਾਲਤ ਵਿਚ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਭੇਜਣ ਦੀ ਲੋੜ ਪੈ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਨੂੰ ਵੀ ਦੀਵਾਲੀ ਦੇ ਸਨਮੁੱਖ ਤਮਾਮ ਲੋੜੀਂਦੇ ਮੈਡੀਕਲ ਪ੍ਰਬੰਧ ਕਰਨ ਦੇ ਨਿਰਦੇਸ਼ ਦਿਤੇ। ਉਨ੍ਹਾਂ ਸਿਹਤ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਦੀਵਾਲੀ ਵਾਲੇ ਦਿਨ ਅਤੇ ਰਾਤ ਅਪਣਾ ਸਟੇਸ਼ਨ ਨਾ ਛੱਡਣ ਅਤੇ ਅਪਣੇ ਮੋਬਾਈਲ ਫ਼ੋਨ ਚਾਲੂ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਪ੍ਰਬੰਧ ਸਿਰਫ਼ ਦੀਵਾਲੀ ਨੂੰ ਦੇਖਦਿਆਂ ਹੀ ਤਿਆਰੀ ਨਾ ਕੀਤੀ ਜਾਵੇ ਸਗੋਂ ਇਸ ਨੂੰ ਪੱਕਾ ਨੇਮ ਬਣਾਇਆ ਜਾਵੇ ਤਾਕਿ ਦੀਵਾਲੀ ਮੌਕੇ ਵਿਸ਼ੇਸ਼ ਨਿਰਦੇਸ਼ ਜਾਰੀ ਕਰਨ ਦੀ ਲੋੜ ਹੀ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰਪੁਰਬ ਨੂੰ ਧਿਆਨ ਵਿਚ ਰਖਦਿਆਂ ਵੀ ਲੋੜੀਂਦੇ ਪ੍ਰਬੰਧ ਇਸੇ ਤਰ੍ਹਾਂ ਕੀਤੇ ਜਾਣ।
ਮੀਟਿੰਗ ਦੌਰਾਨ ਤਮਾਮ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਦੀਵਾਲੀ ਦੇ ਸਨਮੱੁਖ ਉਨ੍ਹਾਂ ਅਪਣੀਆਂ ਸੰਸਥਾਵਾਂ ਵਿਚ ਲੋੜੀਂਦੇ ਮੈਡੀਕਲ ਪ੍ਰਬੰਧ ਪਹਿਲਾਂ ਹੀ ਕਰ ਲਏ ਹਨ ਅਤੇ ਜਿੱਥੇ ਕਿਤੇ ਹੋਰ ਲੋੜ ਹੈ, ਉਹ ਵੀ ਤੁਰੰਤ ਪੂਰੀ ਕਰ ਲਈ ਲਈ ਜਾਵੇਗੀ। ਮੀਟਿੰਗ ਵਿੱਚ ਡਾ. ਕੁਲਦੀਪ ਸਿੰਘ, ਡਾ. ਨਿਧੀ, ਡਾ. ਵਿਜੇ ਭਗਤ, ਡਾ. ਕੁਲਜੀਤ ਕੌਰ, ਡਾ. ਸੰਗੀਤਾ ਜੈਨ, ਡਾ. ਸੁਰਿੰਦਰ ਸਿੰਘ, ਡਾ. ਦਲਬਾਗ਼ ਸਿੰੰਘ, ਡਾ. ਪੌਮੀ ਚਤਰਥ, ਡਾ. ਹਰਪ੍ਰੀਤ ਕੌਰ, ਡਾ. ਭੁਪਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …