
ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਤਲਵਾੜ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ 9 ਨਵੰਬਰ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਕੀਤੀ ਜਾਣੀ ਹੈ ਅਤੇ 8 ਦਸੰਬਰ ਤੱਕ ਵੋਟਰਾਂ ਤੋਂ ਵੋਟਾਂ ਬਣਾਉਣ ਅਤੇ ਕਟਵਾਉਣ ਸਬੰਧੀ ਦਾਅਵੇ ਅਤੇ ਇਤਰਾਜ਼ ਲਏ ਜਾਣੇ ਹਨ। ਉਨ੍ਹਾਂ ਕਿਹਾ ਕਿ 19 ਤੇ 20 ਨਵੰਬਰ ਅਤੇ 3 ਤੇ 4 ਦਸੰਬਰ ਨੂੰ ਬੀਐਲਓ ਵੱਲੋਂ ਪੋਲਿੰਗ ਬੂਥਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਮੁੱਢਲੀ ਪ੍ਰਕਾਸ਼ਨਾਂ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਵੋਟ ਬਣਾਉਣ ਅਤੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ ਵਿੱਚ 4 ਵਾਰੀ ਰਿਵੀਜ਼ਨ ਕੀਤੀ ਜਾਵੇਗੀ। ਜਿਨ੍ਹਾਂ ਦੀ ਯੋਗਤਾ 1 ਜਨਵਰੀ 2023, 1 ਜੁਲਾਈ 2023, 1 ਅਪਰੈਲ 2023, 1 ਅਕਤੂਬਰ 2023 ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 1 ਜਨਵਰੀ 2023 ਨੂੰ 17 ਸਾਲ ਤੋਂ ਵੱਧ ਹੋ ਚੁੱਕੀ ਹੈ, ਉਹ ਆਪਣੀ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ। ਵੋਟ ਬਣਾਉਣ ਲਈ ਫਾਰਮ ਨੰਬਰ-6, ਵੋਟ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰਬਰ-6ਬੀ, ਵੋਟ ਕਟਵਾਉਣ ਲਈ ਫਾਰਮ ਨੰਬਰ-7 ਅਤੇ ਵੋਟ ਸ਼ਿਫ਼ਟ ਕਰਵਾਉਣ ਲਈ, ਵੋਟਰ ਕਾਰਡ ਵਿੱਚ ਸੋਧ ਕਰਨ ਅਤੇ ਡੁਪਲੀਕੇਟ ਵੋਟਰ ਕਾਰਡ ਬਣਾਉਣ ਲਈ ਫਾਰਮ ਨੰਬਰ-8, ਐਨਵੀਐਸਪੀ ਡਾਟ ਇੰਨ ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਭਰੇ ਜਾ ਸਕਦੇ ਹਨ।
ਇਸ ਮੀਟਿੰਗ ਵਿੱਚ ਐਸਡੀਐਮ ਸ੍ਰੀਮਤੀ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸੂ ਗੁਪਤਾ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ ਅਤੇ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਵੀ ਮੌਜੂਦ ਸਨ।