
ਸਿਟੀ ਬੱਸ ਸਰਵਿਸ ਮੁਹਾਲੀ ਤੇ ਆਸਪਾਸ ਦੇ ਇਲਾਕਿਆਂ ਦੀ ਅਹਿਮ ਲੋੜ: ਰਵਨੀਤ ਬਰਾੜ
ਮੁਹਾਲੀ ਨੂੰ ਪੜੇ ਲਿਖੇ, ਜ਼ਮੀਨ ਨਾਲ ਜੁੜੇ, ਇਮਾਨਦਾਰ ਤੇ ਦੂਰਦਰਸ਼ੀ ਸੋਚ ਵਾਲੇ ਵਿਧਾਇਕ ਦੀ ਲੋੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਸੰਯੁਕਤ ਸਮਾਜ ਮੋਰਚੇ ਦੇ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਮੌਜੂਦਾ ਸਮੇਂ ਵਿੱਚ ਸਿਟੀ ਬੱਸ ਸਰਵਿਸ ਦੀ ਸਖਤ ਲੋੜ ਹੈ ਅਤੇ ਬਿਹਤਰ ਕੁਨੈਕਟੀਵਿਟੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਮੁਹਾਲੀ ਵਾਸੀ ਉਨ੍ਹਾਂ ਨੂੰ ਬਤੌਰ ਵਿਧਾਇਕ ਮੌਕਾ ਦਿੰਦੇ ਹਨ ਤਾਂ ਮੁਹਾਲੀ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਨਾਲ ਨਾਲ ਟ੍ਰਾਈਸਿਟੀ ਵਿੱਚ ਵੀ ਬਿਹਤਰ ਪਬਲਿਕ ਟਰਾਂਸਪੋਰਟ ਅਤੇ ਸਿਟੀ ਟਰਾਂਸਪੋਰਟ ਦੀ ਸੁਵਿਧਾ ਦਿੱਤੀ ਜਾਵੇਗੀ। ਪਿੰਡ ਮਟਰਾਂ, ਬੜੀ, ਸਿਆਊ, ਪੱਤੋਂ, ਕੁਰੜਾ, ਕੁਰੜੀ, ਸੇਖਨਮਾਜਰਾ, ਝਾਮਪੁਰ, ਜੁਝਾਰ ਨਗਰ, ਬੱਲੋਮਾਜਰਾ, ਬਹਿਲੋਲਪੁਰ (ਮਸਜਿਦ) ਵਿਖੇ ਚੋਣ ਪ੍ਰਚਾਰ ਦੌਰਾਨ ਬੋਲਦਿਆਂ ਬਰਾੜ ਨੇ ਕਿਹਾ ਕਿ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਉਹ ਯਕੀਨੀ ਬਣਾਉਣਗੇ ਕਿ ਸਿਟੀ ਟਰਾਂਸਪੋਰਟ ਸੁਵਿਧਾਵਾ ਇੰਨੀਆਂ ਬਿਹਤਰ ਹੋਣ ਕਿ ਹਰ ਇੱਕ 15 ਮਿੰਟ ਬਾਅਦ ਯਾਤਰੀਆਂ ਨੂੰ ਬੱਸ ਮਿਲੇ ਅਤੇ ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਵਿਚਕਾਰ ਪਬਲਿਕ ਟਰਾਂਸਪੋਰਟ ਦੀ ਕੁਨੈਕਟੀਵਿਟੀ ਪੂਰੇ ਉੱਤਰ ਭਾਰਤ ਵਿੱਚ ਸਭ ਤੋਂ ਵਧੀਆ ਹੋਵੇ।
ਇਸਦੇ ਨਾਲ ਹੀ ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਵੀ ਲਿੰਕ ਰੋਡ ਅਤੇ ਟਰਾਂਸਪੋਰਟ ਦੀ ਸੁਵਿਧਾਵਾਂ ਬਿਹਤਰ ਹੋਣ ਤਾਂ ਜੋ ਪਿੰਡ ਵਾਸੀਆਂ ਨੂੰ ਸ਼ਹਿਰ ਆਉਣ ਹੁਣ ਲਈ ਅਤੇ ਸ਼ਹਿਰ ਤੋਂ ਵਾਪਸ ਪਿੰਡ ਜਾਣ ਲਈ ਕਿਸੇ ਕਿਸਮ ਦੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਆਪਣਾ ਰੋਡ ਮੈਪ ਰੱਖਦਿਆਂ ਕਿਹਾ ਕਿ ਮੁਹਾਲੀ ਨੂੰ ਪੜੇ ਲਿਖੇ, ਜ਼ਮੀਨ ਨਾਲ ਜੁੜੇ, ਇਮਾਨਦਾਰ, ਸਾਫ ਸੁਥਰੀ ਇਮੇਜ ਅਤੇ ਦੂਰਦਰਸ਼ੀ ਸੋਚ ਵਾਲੇ ਵਿਧਾਇਕ ਦੀ ਲੋੜ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਇਸ ਵਾਰ ਇੱਕ ਇਮਾਨਦਾਰ ਉਮੀਦਵਾਰ ਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਸਮੁੱਚੇ ਮੁਹਾਲੀ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਮੁਹਾਲੀ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਇਆ ਜਾ ਸਕੇ।