ਪੰਜਾਬ ਵਿੱਚ ਨਿਊਰੋਸਰਜਨ ਤੇ ਟਰੋਮਾ ਸੈਟਰਾਂ ਦੇ ਨਾਲ-ਨਾਲ ਮੈਡੀਕਲ ਕਾਲਜਾਂ ਦੀ ਘਾਟ ਪੂਰੀ ਕਰਨ ਦੀ ਲੋੜ

ਪੰਜਾਬ ਵਿੱਚ ਸਥਾਪਿਤ ਕੀਤੇ ਜਾ ਰਹੇ ਨੇ ਨਵੇਂ ਮੈਡੀਕਲ ਕਾਲਜ: ਬ੍ਰਹਮ ਮਹਿੰਦਰਾ

ਕੌਮੀ ਤੇ ਰਾਜ ਮਾਰਗਾਂ ’ਤੇ ਬਣਾਏ ਜਾਣਗੇ ਟਰੋਮਾ ਸੈਂਟਰ

ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਵੱਲੋਂ ਨੈਸ਼ਨਲ ਕਾਨਫ਼ਰੰਸ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਜਨਵਰੀ:
ਪੰਜਾਬ ਵਿੱਚ ਨਿਊਰੋਸਰਜਨ ਅਤੇ ਟਰੋਮਾ ਸੈਟਰਾਂ ਦੇ ਨਾਲ-ਨਾਲ ਮੈਡੀਕਲ ਕਾਲਜਾਂ ਦੀ ਕਮੀ ਨੂੰ ਪੂਰਾ ਕਰਨ ਦੀ ਲੋੜ ਹੈ। ਜਿਸ ਲਈ ਜਲਦੀ ਪੰਜਾਬ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਕੌਮੀ ਤੇ ਰਾਜ ਮਾਰਗਾਂ ’ਤੇ ਟਰੋਮਾ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਹ ਗੱਲ ਪੰਜਾਬ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਬ੍ਰਹਮ ਮਹਿੰਦਰਾ ਨੇ ਆਖੀ। ਉਹ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਕਲ ਐਂਡ ਅਲਾਈਡ ਸਾਇੰਸ ਵੱਲੋਂ ਪੀਜੀਆਈਐਮਈਆਰ ਚੰਡੀਗੜ੍ਹ (ਓਟੋਰਲਨਜੀਓਲੋਜੀ ਤੇ ਸਿਰ ਗਰਦਨ ਸਰਜਰੀ ਵਿਭਾਗ, ਡਿਪਾਰਟਮੈਂਟ ਆਫ਼ ਨਿਊਰੋਸਰਜਰੀ), ਸਾਊਥ ਏਸ਼ੀਅਨ ਬਿਹੇਵਹਰਲ ਹੈਲਥ ਫਾਊਂਡੇਸ਼ਨ (ਐਸਏਬੀਐਚ), ਯੂਐਸਏ ਅਤੇ ਨੈਸ਼ਨਲ ਰੀਹੈਬੀਲੀਟੇਸ਼ਨ ਇੰਸਟੀਚਿਊਟ (ਐਨਆਰਆਈ), ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ‘ਨਿਊਰੋ-ਸੋਸੀਓ-ਸਾਇਕੋ ਰੀਹੈਬੀਲੀਟੇਸ਼ਨ’ ਤੇ ਦੂਜੀ ਨੈਸ਼ਨਲ ਕਾਨਫ਼ਰੰਸ ਦੇ ਉਦਘਾਟਨੀ ਸਮਾਗਮ ਵਿਚ ਬੋਲ ਰਹੇ ਸਨ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਤਕਰੀਬਨ 15 ਤੋਂ 20 ਲੱਖ ਲੋਕ ਜ਼ਖਮੀ ਹੁੰਦੇ ਹਨ ਅਤੇ 10 ਲੱਖ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ (60 ਪ੍ਰਤੀਸ਼ਤ) ਟਰੈਮੈਟਿਕ ਬਰੇਨ ਇੰਜਰੀਜ਼ (ਟੀਬੀਆਈਜ਼) ਸੜਕ ਹਾਦਸਿਆਂ ਕਾਰਨ ਲੱਗਦੀਆਂ ਹਨ ਅਤੇ ਅਜਿਹੀਆਂ 10 ਫੀਸਦ ਸੱਟਾਂ ਹਿੰਸਕ ਘਟਨਾਵਾਂ ਕ ਹਨ। ਸੱਟ ਲੱਗਣ ਲਈ ਸ਼ਰਾਬ ਵੀ ਇਕ ਕਾਰਨ ਹੈ,ਜਿਸ ਨਾਲ 15 ਤੋਂ 20 ਪ੍ਰਤੀਸ਼ਤ ਤੱਕ ਲੋਕ ਟਰੈਮੈਟਿਕ ਬਰੇਨ ਇੰਜਰੀਜ਼ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਆਵਾਜਾਈ ਦੇ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਸਿਰ ਦੀ ਸੱਟ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਅਜਿਹੇ ਬਹੁਤ ਸਾਰੇ ਮਰੀਜ਼ ਹਨ ਜਿਨ੍ਹਾਂ ਦੇ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਅਪਾਹਜ ਹੋ ਗਏ ਹਨ। ਉਨ੍ਹਾਂ ਨੂੰ ਆਮ ਜ਼ਿੰਦਗੀ ਵਿਚ ਵਾਪਸ ਲਿਆਉਣ ਲਈ ਨਿਊਰੋਲੋਜੀਕਲ, ਸੋਸ਼ੀਓਲੋਜੀਕਲ ਅਤੇ ਸਾਇਕੋਲੋਜੀਕਲ ਕਮੀਆਂ ਪੂਰੀਆਂ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਦਾ ਦੂਜਾ ਕੇਂਦਰਿਤ ਟੀਚਾ ਬੋਲ਼ੇ ਅਤੇ ਗੂੰਗੇ ਮਰੀਜ਼ਾਂ ਦੇ ਸੁਧਾਰ ‘ਤੇ ਹੋਵੇਗਾ, ਜਿਹੜੇ ਕੁਦਰਤ ਦੀਆਂ ਸੁੰਦਰ ਆਵਾਜ਼ਾਂ ਸੁਣਨ ਤੋਂ ਅਸਮਰਥ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ 20-30 ਫ਼ੀਸਦੀ ਬੋਲ਼ੇ ਲੋਕ ਹਨ ਤੇ ਚੰਗੇ ਸਮਾਜ ਦੀ ਸਿਰਜਣਾ ਲਈ ਇਨ੍ਹਾਂ ਦੇ ਮੁੜ ਵਸੇਬੇ ਤੇ ਇਨ੍ਹਾਂ ਦੀ ਜ਼ਿੰਦਗੀ ਵਿੱਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਊਰੋਸਰਜਨ ਅਤੇ ਟਰੋਮਾ ਸੈਟਰਾਂ ਦੇ ਨਾਲ ਨਾਲ ਮੈਡੀਕਲ ਕਾਂਲਜਾਂ ਦੀ ਕਮੀ ਨੂੰ ਪੂਰਾ ਕਰਨ ਦੀ ਲੋੜ ਹੈ , ਜਿਸ ਲਈ ਜਲਦ ਹੀ ਪੰਜਾਬ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਨੈਸ਼ਨਲ ,ਸਟੇਟ ਹਾਈਵੇਅ ’ਤੇ ਟਰੋਮਾ ਸੈਟਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਇਸ ਸਬੰਧੀ ਸਮਾਜ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਤਰ੍ਹਾਂ ਦੀਆਂ ਕਾਨਫਰੰਸ ਵੀ ਇਸ ਖੇਤਰ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਕਾਫੀ ਲਾਹੇਵੰਦ ਸਾਬਿਤ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਪ੍ਰਾਈਵੇਟ ਹਸਪਤਾਲਾਂ ਦੀ ਤਰ੍ਹਾਂ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਗਰੀਬ ਤਬਕੇ ਦੇ ਲੋਕ ਵੀ ਇਨ੍ਹਾਂ ਸਹੂਲਤਾਂ ਦਾ ਲਾਹਾ ਲੈ ਸਕਣ। ਇਸ ਨਾਲ ਹੀ ਸਰਕਾਰੀ ਐਬੂਲੈਂਸ ਵਿੱਚ ਹੀ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਲਾਜ ਦੀ ਕਮੀ ਕਾਰਨ ਕਿਸੇ ਵੀ ਵਿਕਅਤੀ ਦੀ ਮੌਤ ਨਾ ਹੋ ਸਕੇ।
ਉਨ੍ਹਾਂ ਨੇ ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਇਨਫਰਾਸਟਰਕਚਰ ਅਤੇ ਫੈਕਲਟੀ ਦੇ ਨਾਲ ਨਾਲ ਸਿੱਖਿਆ ਭਰਪੂਰ ਵਾਤਾਵਰਣ ਦੀ ਭਰਪੂਰ ਸ਼ਲਾਘਾ ਕੀਤੀ। ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ ਅਤੇ ਰਿਆਤ ਬਾਹਰਾ ਗਰੁੱਪ ਵਿਚ ਗੁਣਵੱਤਾਭਰਪੂਰ ਸਿੱਖਿਆ ਦੇਣ ਲਈ ਗਰੁੱਪ ਦੇ ਕੰਮਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਗਰੁੱਪ ਵੱਲੋਂ ਹਮੇਸ਼ਾਂ ਹੀ ਵੱਧ ਤੋਂ ਵੱਧ ਪ੍ਰਾਪਤੀਆਂ ਲਈ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿੰਮੇਵਾਰ ਨਾਗਰਿਕਾਂ ਤੋਂ ਇਲਾਵਾ ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਦੇ ਨਾਲ ਨਾਲ ਸਿਖਲਾਈ ਪ੍ਰਾਪਤ ਪੇਸ਼ੇਵਰ ਬਣਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਉੱਤਰੀ ਖੇਤਰ ਦੇ 150 ਤੋਂ ਵੱਧ ਡੈਲੀਗੇਟਸ ਨੇ ਇਸ ਕਾਨਫਰੰਸ ਵਿਚ ਹਿੱਸਾ ਲਿਆ।
ਮੈਸੂਰ, ਕਰਨਾਟਕ, ਨਵੀਂ ਦਿੱਲੀ, ਪੰਜਾਬ, ਚੰਡੀਗੜ੍ਹ ਤੋਂ ਡਾਕਟਰਾਂ (ਪੀਜੀਆਈ ਚੰਡੀਗੜ੍ਹ, ਜੀਐਮਸੀਐਚ ਚੰਡੀਗੜ੍ਹ, ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ, ਐਚ ਐੱਸ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸ, ਚੰਡੀਗੜ੍ਹ ਆਦਿ) ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।ਇਸ ਮੌਕੇ ਯੁੂੁਨੀਵਰਸਿਟੀ ਸਕੂਲ ਆਫ਼ ਮੈਡੀਕਲ ਐਂਡ ਅਲਾਈਡ ਸਾਇੰਸਜ਼ ਦੇ ਡੀਨ ਐਂਡ ਕਾਨਫਰੰਸ ਚੈਅਰਪਰਸਨ ਡਾ. ਨੀਨਾ ਮਹਿਤਾ ਨੇ ਹਾਜ਼ਰ ਡੈਲੀਗੇਟਸ ਦਾ ਨਿੱਘਾ ਸੁਆਗਤ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਵੀ. ਰਿਹਾਨੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਵਿਚਾਰ ਵਟਾਂਦਰੇ ਨਾਲ ਸਿਰ ਦੀ ਸੱਟ ਦੇ ਮਰੀਜ਼ਾਂ ਦੀ ਹਾਲਤ ਸੁਧਾਰਨ ਵਿਚ ਕਾਫੀ ਮਦਦ ਮਿਲੇਗੀ। ਉਨ੍ਹਾਂ ਨੇ ਕਾਨਫਰੰਸ ਦੇ ਆਯੋਜਨ ਸਬੰਧੀ ਯੂਨੀਵਰਸਿਟੀ ਸਕੂਲ ਆਫ ਮੈਡੀਕਲ ਅਤੇ ਅਲਾਈਡ ਸਾਇੰਸਜ਼ ਦੇ ਡੀਨ ਅਤੇ ਕਾਨਫਰੰਸ ਦੇ ਚੇਅਰਪਰਸਨ ਡਾ. ਨੀਨਾ ਮਹਿਤਾ ਅਤੇ ਉਨ੍ਹਾਂ ਦੀ ਟੀਮ, ਐਸਏਬੀਐਚ.ਫਾਊਂਡੇਸ਼ਨ, ਯੂ.ਐਯ.ਏ. ਦੇ ਪ੍ਰਧਾਨ ਡਾ. ਹਰਮੇਸ਼ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਜੀ.ਆਈ.ਐਮ.ਈ.ਆਰ. ਦੇ ਡਾ.ਧਰਮਵੀਰ,ਡਾ.ਜੈਮੰਤੀ ਬਕਸ਼ੀ,ਯੂਨੀਵਰਸਿਟੀ ਰਜਿਸਟਾਰਾਰ ਡਾ. ਓ..ਪੀ.ਮਿੱਡਾ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…