Share on Facebook Share on Twitter Share on Google+ Share on Pinterest Share on Linkedin ਜ਼ਿੰਦਗੀ ਵਿੱਚ ਕਾਮਯਾਬੀ ਲਈ ਸਖ਼ਤ ਮਿਹਨਤ ਜ਼ਰੂਰੀ: ਸਿੱਧੂ ਸਰਕਾਰੀ ਕਾਲਜ ਮੁਹਾਲੀ ਵਿੱਚ ਆਯੋਜਿਤ ਦੋ ਰੋਜ਼ਾ ਟੈੱਕ ਫੈਸਟੀਵਲ ਸਮਾਪਤ, ਜੇਤੂਆਂ ਨੂੰ ਇਨਾਮ ਵੰਡੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ: ਇੱਥੋਂ ਦੇ ਫੇਜ਼-6 ਵਿੱਚ ਸਥਿਤ ਸਰਕਾਰੀ ਕਾਲਜ ਵਿੱਚ ਕਰਵਾਏ ਗਏ ਦੋ ਰੋਜ਼ਾ ਟੈੱਕ ਫੈਸਟੀਵਲ ਦੇ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਸ ਫੈਸਟ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਵਿਦਿਆਰਥੀ ਜੀਵਨ ਹਰ ਇਨਸਾਨ ਦੀ ਜ਼ਿੰਦਗੀ ਦਾ ਸੁਨਹਿਰਾ ਕਾਲ ਹੁੰਦਾ ਹੈ ਤੇ ਇਸ ਦੌਰਾਨ ਕੀਤੀ ਮਿਹਨਤ ਸਾਰੀ ਜ਼ਿੰਦਗੀ ਕੰਮ ਆਉਂਦੀ ਹੈ। ਉਨ੍ਹਾਂ ਆਖਿਆ ਕਿ ਹਰ ਇਨਸਾਨ ਵਿਚ ਕੁਝ ਕਰ ਗੁਜ਼ਰਨ ਦੀ ਸਮਰੱਥਾ ਹੁੰਦੀ ਹੈ, ਪਰ ਜ਼ਿੰਦਗੀ ਵਿਚ ਚੰਗਾ ਮੁਕਾਮ ਹਾਸਿਲ ਕਰਨ ਲਈ ਮਿਹਨਤ ਦਾ ਲੜ ਫੜ ਕੇ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਅਤੇ ਖਾਸ ਕਰ ਟੈੱਕ ਫੈਸਟ ਵਰਗੇ ਸਮਾਗਮਾਂ ਦੌਰਾਨ ਵਿਦਿਆਰਥੀਆਂ ਨੂੰ ਹੋਰਨਾਂ ਖੇਤਰਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਜਾਨਣ ਦਾ ਮੌਕਾ ਮਿਲਦਾ ਹੈ, ਜਿਹੜਾ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਸ੍ਰੀ ਸਿੱਧੂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰ ਕੇ ਕਾਮਯਾਬੀ ਹਾਸਿਲ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਇਕ ਵਾਰ ਉਨ੍ਹਾਂ ਨੂੰ ਅੰਡੇਮਾਨ ਵਿਖੇ ਕੌਮੀ ਕੈਂਪ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿਸ ਵਿਚ ਦੇਸ਼ ਦੇ ਸਾਰੇ ਰਾਜਾਂ ਦੇ ਡੈਲੀਗੇਟਸ ਪੁੱਜੇ ਹੋਏ ਸਨ। ਵੱਖ-ਵੱਖ ਰਾਜਾਂ ਦੇ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜਾ ਉਨ੍ਹਾਂ ਲਈ ਅੱਜ ਤੱਕ ਸਹਾਈ ਸਿੱਧ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਵੱਲੋਂ ਕਾਲਜ ਦੀ ਤਰੱਕੀ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਬਰੋਕਾ ਨੇ ਸਥਾਨਕ ਵਿਧਾਇਕ ਦਾ ਸਵਾਗਤ ਕਰਦਿਆਂ ਆਖਿਆ ਕਿ ਸ: ਸਿੱਧੂ ਨੇ ਹਮੇਸ਼ਾ ਕਾਲਜ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਇਮਾਨਦਾਰ ਸ਼ਖ਼ਸੀਅਤ ਕੋਲੋਂ ਇਨਾਮ ਹਾਸਿਲ ਕਰਨਾ ਵਿਦਿਆਰਥੀਆਂ ਲਈ ਆਪਣੇ ਆਪ ਵਿਚ ਹੀ ਮਾਣ ਵਾਲੀ ਗੱਲ ਹੈ। ਇਸ ਫੈਸਟ ਵਿੱਚ ਕੁਲ 33 ਕਾਲਜਾਂ ਨੇ ਹਿੱਸਾ ਲਿਆ। ਇਸ ਮੌਕੇ ਸ: ਸਿੱਧੂ ਨੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਆਈ.ਟੀ. ਕੁਇਜ਼ ਵਿੱਚ ਸਰਕਾਰੀ ਕਾਲਜ ਰੋਪੜ ਨੇ ਪਹਿਲਾ ਤੇ ਸਰਕਾਰੀ ਕਾਲਜ ਮੋਹਾਲੀ ਨੇ ਦੂਜਾ, ਕੋਡ ਕੌਮਬੈਟ ਵਿਚ ਐਮ.ਸੀ.ਡੀ.ਏ.ਵੀ. ਕਾਲਜ ਚੰਡੀਗੜ੍ਹ ਨੇ ਪਹਿਲਾ ਅਤੇ ਸਰਕਾਰੀ ਕਾਲਜ ਮੁਹਾਲੀ ਨੇ ਦੂਜਾ, ਇਨੋਵੇਟਿਵ ਸਾਇੰਸ ਮਾਡਲਜ਼ ਵਿੱਚ ਸਰਕਾਰੀ ਕਾਲਜ ਮੁਹਾਲੀ ਨੇ ਪਹਿਲਾ ਅਤੇ ਗਿਆਨ ਜੋਤੀ ਕਾਲਜ ਮੁਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੇਸ ਪੇਂਟਿੰਗ ਵਿੱਚ ਸਰਕਾਰੀ ਕਾਲਜ ਮੁਹਾਲੀ ਨੇ ਪਹਿਲਾ ਅਤੇ ਸਰਕਾਰੀ ਕਾਮਰਸ ਕਾਲਜ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ ਮੋਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਵੈੱਬ ਡਿਜ਼ਾਈਨਿੰਗ ਮੁਕਾਬਲੇ ਵਿੱਚ ਸੀ.ਜੇ.ਐਨ. ਖਾਲਸਾ ਕਾਲਜ ਲੁਧਿਆਣਾ ਨੇ ਪਹਿਲੀ ਅਤੇ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਵੱਲੋਂ ਵਿਧਾਇਕ ਸ: ਬਲਬੀਰ ਸਿੰਘ ਸਿੱਧੂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਵਿਧਾਇਕ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਜੀ.ਐੱਸ.ਰਿਆੜ, ਐੱਚ.ਐੱਸ. ਢਿੱਲੋਂ, ਸੱਤਪਾਲ ਸਿੰਘ, ਗੁਰਚਰਨ ਸਿੰਘ ਭੰਵਰਾ, ਟੈੱਕ ਫੈਸਟ ਦੇ ਕਨਵੀਨਰ ਡਾ. ਜੀ.ਐਸ. ਸੇਖੋਂ, ਆਰਗੇਨਾਈਜ਼ਿੰਗ ਸਕੱਤਰ ਪ੍ਰੋਫੈਸਰ ਜੀ.ਐਸ. ਭੁੱਲਰ ਅਤੇ ਜੀ.ਸੀ.ਐਮ.ਐਸ.ਆਈ.ਪੀ ਦੇ ਖਜ਼ਾਨਚੀ ਡਾ. ਗੁਰਪ੍ਰੀਤ ਕੌਰ ਗਿੱਲ ਸਮੇਤ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ