1984 ਸਿੱਖ ਕਤਲੇਆਮ: ਰਾਜੀਵ ਗਾਂਧੀ ਦੀ ਭੂਮਿਕਾ ਦੀ ਉੱਚ ਪੱਧਰੀ ਜਾਂਚ ਹੋਵੇ: ਸੁਖਬੀਰ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਵਿੱਚ ਦਿੱਲੀ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਰਹੱਸਮਈ ਗਤੀਵਿਧੀਆਂ ਬਾਰੇ ਦੁਬਾਰਾ ਤੋਂ ਮੁਕੰਮਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ 1984 ਕਤਲੇਆਮ ਦੌਰਾਨ ਦਿੱਲੀ ਦੀਆਂ ਗਲੀਆਂ ਵਿੱਚ ਰਾਜੀਵ ਗਾਂਧੀ ਦੀ ਰਹੱਸਮਈ ਮੌਜੂਦਗੀ ਬਾਰੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਕੀਤੇ ਖੁਲਾਸਿਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਕਤਲੇਆਮ ਨੂੰ ਕਾਂਗਰਸ ਹਾਈ ਕਮਾਨ, ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਯੋਜਨਾਬੱਧ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ। ਟਾਈਟਲਰ ਦੇ ਸਨਸਨੀਖੇਜ਼ ਖੁਲਾਸੇ ਇਹ ਵੀ ਸਾਬਿਤ ਕਰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਾਰਟੀ ਇੰਨੇ ਸਾਲਾਂ ਤੋਂ ਉਹਨਾਂ ਦਿਨਾਂ ਦੌਰਾਨ ਰਾਜੀਵ ਗਾਂਧੀ ਦੀ ਸਮਾਂ-ਸਾਰਣੀ ਬਾਰੇ ਇਹ ਕਹਿੰਦਿਆਂ ਝੂਠ ਬੋਲਦੇ ਆ ਰਹੇ ਸਨ ਕਿ ਉਹ ਸਾਰਾ ਸਮਾਂ ਆਪਣੀ ਮਾਤਾ ਦੀ ਮ੍ਰਿਤਕ ਦੇਹ ਦੇ ਕੋਲ ਰਿਹਾ ਸੀ। ਪਰ ਟਾਈਟਲਰ ਦੇ ਖੁਲਾਸਿਆਂ ਨੇ ਬਿੱਲੀ ਥੈਲੇ ’ਚੋਂ ਬਾਹਰ ਕੱਢ ਦਿੱਤੀ ਹੈ। ਇਸ ਮਾਮਲੇ ਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਦੀ ਲਾਸ਼ ਦੁਆਲੇ ਨਿਰਦੋਸ਼ ਸਿੱਖਾਂ ਤੋਂ ਬਦਲਾ ਲੈਣ ਦੇ ਗਰਜਵੇਂ ਨਾਅਰੇ ਵਾਰ ਵਾਰ ਸੁਣੇ ਗਏ ਸਨ। ਬਦਲੇ ਲਈ ਅਜਿਹੇ ਚੀਕਵੇਂ ਸੱਦੇ ਦੇਣ ਪਿੱਛੇ ਕੌਣ ਸੀ ਅਤੇ ਅਜਿਹੇ ਸੱਦੇ ਸ਼ਰੇਆਮ ਟੈਲੀਵੀਜ਼ਨ ਦੇ ਕੈਮਰਿਆਂ ਦੇ ਸਾਹਮਣੇ ਹੋ ਕੇ ਕਿਵੇਂ ਦਿੱਤੇ ਜਾ ਰਹੇ ਸਨ? ਪਾਰਟੀ ਦੀ ਹਾਈਕਮਾਨ ਵਿੱਚੋਂ ਕਿਸੇ ਨੇ ਇਹਨਾਂ ਨਾਅਰਿਆਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?
ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਾਜੀਵ ਨੇ ਕਦੇ ਵੀ ਉਸ ਦੇ ਗੁੰਡਿਆਂ ਵੱਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ਾਂ ਦੀ ਮੌਤ ਉੱਤੇ ਕੋਈ ਪਛਤਾਵਾ ਜ਼ਾਹਿਰ ਨਹੀਂ ਸੀ ਕੀਤਾ। ਉਹਨਾਂ ਕਿਹਾ ਕਿ ਰਾਜੀਵ ਨੇ ਨਾ ਤਾਂ ਇਸ ਪਾਗਲਪਣ ਨੂੰ ਰੋਕਣ ਲਈ ਕੋਈ ਅਪੀਲ ਕੀਤੀ ਜਾਂ ਨਿਰਦੇਸ਼ ਜਾਰੀ ਕੀਤਾ ਅਤੇ ਨਾ ਹੀ ਇਹ ਜਰੂਰੀ ਸਮਝਿਆ ਕਿ ਹਿੰਸਾ ਤੋਂ ਬੁਰੀ ਤਰਢਾਂ ਪ੍ਰਭਾਵਿਤ ਪਰਿਵਾਰਾਂ ਅਤੇ ਖੇਤਰਾਂ ਦਾ ਦੌਰਾ ਕਰਕੇ ਦਹਿਲੇ ਹੋਏ ਪੀੜਤਾਂ ਦੇ ਮਨਾਂ ਨੂੰ ਢਾਰਸ ਬੰਨਾਇਆ ਜਾਵੇ। ਉਸ ਨੇ ਦਰਅਸਲ ਬਹੁਤ ਹੀ ਸਾਫ ਅਤੇ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਉਸ ਨੂੰ ਨਿਰਦੋਸ਼ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ। ਅਜਿਹਾ ਕਿਉਂ?
ਸਾਬਕਾ ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿੰਨੀ ਅਜੀਬ ਅਤੇ ਅਫਸੋਸਨਾਕ ਗੱਲ ਹੈ ਕਿ ਰਾਜੀਵ ਗਾਂਧੀ ਦੀ ਮੌਤ ਤੋਂ ਬਹੁਤ ਸਾਲਾਂ ਮਗਰੋਂ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਨੂੰ ਇਸ ‘ਮਨੁੱਖਤਾ ਦੇ ਘਾਣ’ ਉੱਤੇ ਅਫਸੋਸ ਪ੍ਰਗਟ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਅਜਿਹਾ ਕਰਨ ਦੀ ਜ਼ਿੰਮੇਵਾਰੀ ਇੱਕ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉੱਤੇ ਸੁੱਟ ਦਿੱਤੀ ਗਈ ਜਿਵੇਂ ਕਿ ਉਹ ਨਿੱਜੀ ਤੌਰ ਤੇ ਇਸ ਅਣਮਨੁੱਖੀ ਕਾਰੇ ਲਈ ਦੋਸ਼ੀ ਰਹੇ ਹੋਣ। ਉਹਨਾਂ ਕਿਹਾ ਕਿ ਅਸਲੀ ਦੋਸ਼ੀਆਂ ਨਹਿਰੂ-ਗਾਂਧੀ ਪਰਿਵਾਰ ’ਚੋਂ ਹੁਣ ਤਕ ਕਿਸੇ ਨੇ ਵੀ ਨਿਰਦੋਸ਼ਾਂ ਦੇ ਇਸ ਕਤਲੇਆਮ ਅਜੇ ਤੱਕ ਮੁਆਫੀ ਨਹੀਂ ਮੰਗੀ।
ਸ੍ਰੀ ਬਾਦਲ ਨੇ ਕਿਹਾ ਕਿ ਟਾਈਟਲਰ ਵੱਲੋਂ ਕੀਤੇ ਖੁਲਾਸਿਆਂ ਦੀ ਰੋਸ਼ਨੀ ਵਿੱਚ ਮੁਲਕ ਨੂੰ ਉਸ ਸਮੇਂ ਰਾਜੀਵ ਗਾਂਧੀ ਦੀ ਭੂਮਿਕਾ ਅਤੇ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਲੈਣ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਉਹ ਗਲੀਆਂ ਵਿੱਚ ਕੀ ਕਰ ਰਿਹਾ ਸੀ?ਕਿਸੇ ਨੇ ਉਸ ਨੂੰ ਕਾਂਗਰਸੀ ਦੰਗਾਕਾਰੀਆਂ ਨੂੰ ਸ਼ਾਂਤ ਜਾਂ ਕੰਟਰੋਲ ਕਰਦੇ ਨਹੀਂ ਦੇਖਿਆ, ਨਾ ਹੀ ਉਸ ਨੇ ਰਾਜਧਾਨੀ ਵਿੱਚ ਸਥਿਤੀ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਇਸ ਤੋਂ ਇਹੀ ਨਿਚੋੜ ਨਿਕਲਦਾ ਹੈ ਕਿ ਉਹ ਨਿੱਜੀ ਤੌਰ ਤੇ ਨਿਰਦੋਸ਼ ਸਿੱਖਾਂ ਦੇ ਹੋ ਰਹੇ ਕਤਲੇਆਮ ਦੀ ਨਿਗਰਾਨੀ ਕਰ ਰਿਹਾ ਸੀ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦੇ ਰਿਹਾ ਸੀ ਕਿ ਇੰਦਰਾ ਗਾਂਧੀ ਵਰਗੇ ਵੱਡੇ ਦਰੱਖਤ ਦੇ ਡਿੱਗਣ ਮਗਰੋਂ ਧਰਤੀ ਪੂਰੀ ਤਰਢਾਂ ਕੰਬਣੀ ਚਾਹੀਦੀ ਹੈ। ਇਹ ਬਹੁਤ ਹੀ ਭਿਆਨਕ ਖੁਲਾਸੇ ਹਨ, ਜਿਨ੍ਹਾਂ ਨੂੰ ਨਾ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਭੁਲਾਇਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …