ਜਨ ਅੌਸ਼ਧੀ ਕੇਂਦਰਾਂ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ: ਸਿਹਤ ਮੰਤਰੀ

ਮਿਆਰੀ ਸਿਹਤ ਸਹੂਲਤਾਂ ਦੇਣ ’ਚ ਆਮ ਆਦਮੀ ਕਲੀਨਿਕਾਂ ਦੀ ਭੂਮਿਕਾ ਅਹਿਮ: ਸਿਹਤ ਮੰਤਰੀ

5ਵੇਂ ਜਨ ਅੌਸ਼ਧੀ ਦਿਵਸ ’ਤੇ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਹੋਇਆ ਸੂਬਾ-ਪੱਧਰੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਪ੍ਰਧਾਨ ਮੰਤਰੀ ਭਾਰਤੀ ਜਨ ਅੌਸ਼ਧੀ ਪ੍ਰਾਜੈਕਟ ਤਹਿਤ ਪੰਜਵੇਂ ਜਨ ਅੌਸ਼ਧੀ ਦਿਵਸ ਮੌਕੇ ਅੱਜ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਸੂਬਾ-ਪੱਧਰੀ ਸਮਾਗਮ ਕਰਵਾਇਆ ਗਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਕਟਰਾਂ, ਜਨ ਅੌਸ਼ਧੀ ਕੇਂਦਰ ਦੇ ਸੰਚਾਲਕਾਂ ਅਤੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਖੁੱਲ੍ਹੇ ਜਨ ਅੌਸ਼ਧੀ ਕੇਂਦਰ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਇਨ੍ਹਾਂ ਵਿੱਚ ਬ੍ਰਾਂਡਿਡ ਦਵਾਈਆਂ ਦੇ ਮੁਕਾਬਲੇ 50 ਤੋਂ 90 ਫੀਸਦੀ ਤੱਕ ਸਸਤੀਆਂ ਤੇ ਮਿਆਰੀ ਦਵਾਈਆਂ ਮਿਲ ਰਹੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਦਵਾਈਆਂ ਮਹਿੰਗੀਆਂ ਹੋਣ ਕਾਰਨ ਕਈ ਵਾਰ ਮਰੀਜ਼ਾਂ ਨੂੰ ਵਿੱਤੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰੀਜ਼ਾਂ ਲਈ ਦਵਾਈਆਂ ਦੇ ਮਹਿੰਗੇ ਬਾਜ਼ਾਰ ਵਿੱਚ ਖੁੱਲ੍ਹੇ ਇਹ ਕੇਂਦਰ ਸਾਰਥਿਕ ਬਦਲ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਜਨ ਅੌਸ਼ਧੀ ਕੇਂਦਰਾਂ ਵਿੱਚ 1759 ਤੋਂ ਵੱਧ ਉੱਚ-ਗੁਣਵੱਤਾ ਵਾਲੀਆਂ ਦਵਾਈਆਂ ਅਤੇ 280 ਸਰਜੀਕਲ ਤੇ ਹੋਰ ਉਤਪਾਦ ਉਪਲਬਧ ਹਨ। ਭਾਵੇਂ ਇਹ ਕੇਂਦਰ ਕਈ ਜਗ੍ਹਾ ਖੁੱਲ੍ਹ ਚੁੱਕੇ ਹਨ ਪਰ ਕਾਫ਼ੀ ਲੋਕਾਂ ਨੂੰ ਇਨ੍ਹਾਂ ਬਾਰੇ ਮੁੱਢਲੀ ਜਾਣਕਾਰੀ ਨਹੀਂ। ਉਨ੍ਹਾਂ ਜਨ ਅੌਸ਼ਧੀ ਕੇਂਦਰਾਂ ਵਿੱਚ ਬਾਜ਼ਾਰ ਨਾਲੋਂ ਮਿਲਦੀਆਂ ਸਸਤੀਆਂ ਤੇ ਮਿਆਰੀ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਨ੍ਹਾਂ ਕਲੀਨਿਕਾਂ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਕਲੀਨਿਕਾਂ ਵਿੱਚ ਆ ਕੇ ਜਿੱਥੇ ਵੱਖ-ਵੱਖ ਟੈੱਸਟ ਕਰਵਾ ਰਹੇ ਹਨ, ਉੱਥੇ ਮਿਆਰੀ ਦਵਾਈਆਂ ਵੀ ਪ੍ਰਾਪਤ ਕਰ ਰਹੇ ਹਨ। ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦਾ ਇਕ ਡਾਕਟਰ ਮਹੀਨੇ ਵਿੱਚ ਅੌਸਤਨ 2000 ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਜਨ ਅੌਸ਼ਧੀ ਕੇਂਦਰਾਂ ਦੇ ਸੰਚਾਲਕਾਂ ਅਤੇ ਹੋਰ ਲਾਭਪਾਤਰੀਆਂ ਨੂੰ ਇਨਾਮ ਵੰਡੇ ਗਏ। ਜਿਨ੍ਹਾਂ ਵਿੱਚ ਜਨ ਅੌਸ਼ਧੀ ਸਰਵਸ਼੍ਰੇਸ਼ਠ ਪੁਰਸਕਾਰ, ਜਨ ਅੌਸ਼ਧੀ ਜਯੋਤੀ ਪੁਰਸਕਾਰ, ਜਨ ਅੌਸ਼ਧੀ ਮਿੱਤਰਾ ਪੁਰਸਕਾਰ ਅਤੇ ਜਨ ਅੌਸ਼ਧੀ ਪਰਫ਼ਾਰਮਰ ਐਵਾਰਡ ਕ੍ਰਮਵਾਰ ਰਾਜੇਸ਼ ਗੁਪਤਾ, ਸੁਰਜੀਤ ਕੁਮਾਰੀ, ਡਾ. ਹਰਦੇਵ ਅਤੇ ਹਰਪ੍ਰੀਤ ਸਿੰਘ ਨੂੰ ਪ੍ਰਦਾਨ ਕੀਤੇ ਗਏ।

ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਐਸਪੀ ਸਿੰਘ, ਪੀਐਚਐਸਸੀ ਦੇ ਡਾਇਰੈਕਟਰ ਡਾ. ਸੁਮਨ ਬਾਲੀ, ਏਡੀਸੀ ਦਮਨਜੀਤ ਸਿੰਘ ਮਾਨ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਐਸਐਮਓ ਡਾ. ਐਚਐਸ ਚੀਮਾ ਤੇ ਡਾ. ਵਿਜੈ ਭਗਤ, ਡਾ. ਪਰਮਿੰਦਰਜੀਤ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …