
ਕਾਰਗਿਲ ਪਾਰਕ ’ਚੋਂ ਲੰਘਦੀ ਪੁਰਾਣੀ ਮੁੱਖ ਡਰੇਨੇਜ ਪਾਈਪਲਾਈਨ ਬਦਲਣ ਦੀ ਲੋੜ: ਬੇਦੀ
6-7 ਥਾਵਾਂ ਤੋਂ ਟੁੱਟ ਚੁੱਕੀ ਹੈ ਇੱਟਾਂ ਨਾਲ ਬਣੀ ਹੋਈ ਪੁਰਾਣੀ ਪਾਈਪਲਾਈਨ
ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਤੋਂ ਇੱਥੋਂ ਦੇ ਫੇਜ਼-3ਬੀ2 ਤੋਂ ਕਾਰਗਿੱਲ ਪਾਰਕ ਸੈਕਟਰ-71 ਦੇ ’ਚੋਂ ਲੰਘਦੀ ਮੁੱਖ ਡ੍ਰੇਨੇਜ ਪਾਈਪਲਾਈਨ ਨਵੇਂ ਸਿਰਿਓਂ ਪਾਉਣ ਦੀ ਮੰਗ ਕੀਤੀ ਹੈ। ਕਾਰਗਿਲ ਪਾਰਕ ਵਿੱਚ ਪਾਈਪਲਾਈਨ ਦੀ ਮੁਰੰਮਤ ਦੇ ਕੰਮ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਵੀ ਲਿਖਿਆ ਹੈ।
ਕੁਲਜੀਤ ਬੇਦੀ ਨੇ ਕਿਹਾ ਇਹ ਬਹੁਤ ਪੁਰਾਣੀ ਪਾਈਪਲਾਈਨ ਇੱਟਾਂ ਦੀ ਬਣੀ ਹੋਈ ਹੈ ਅਤੇ ਲਗਪਗ 6-7 ਥਾਵਾਂ ਤੋਂ ਟੁੱਟ ਚੁੱਕੀ ਹੈ। ਇਸ ਤੋਂ ਇਲਾਵਾ ਪਾਈਪਲਾਈਨ ਵਿੱਚ ਕਾਫ਼ੀ ਗਾਦ ਜੰਮੀ ਹੋਈ ਹੈ। ਕਾਰਗਿਲ ਪਾਰਕ ’ਚੋਂ ਲੰਘਦੀ ਪਾਈਪਲਾਈਨ ਦੇ ਮੁਰੰਮਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਪੁਰਾਣੀ ਤਕਨੀਕ ਨਾਲ ਇੱਟਾਂ ਨਾਲ ਬਣਾਈ ਗਈ ਇਹ ਪਾਈਪਲਾਈਨ ਆਪਣੀ ਉਮਰ ਹੰਢਾ ਚੁੱਕੀ ਹੈ ਅਤੇ ਇਸ ਦੀ ਮੁਰੰਮਤ ’ਤੇ ਪਹਿਲਾਂ ਵੀ ਲੱਖਾਂ ਰੁਪਏ ਖ਼ਰਚ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪਾਈਪਲਾਈਨ ਮੁਹਾਲੀ ਦੀ ਡ੍ਰੇਨੇਜ ਲਾਈਫ਼ ਲਾਈਨ ਹੈ, ਭਾਵ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਇਹ ਬਹੁਤ ਵੱਡਾ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪਾਈਪਲਾਈਨ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ। ਲਿਹਾਜ਼ਾ ਇੱਥੇ ਨਵੀਂ ਪਾਈਪਲਾਈਨ ਪਾਈ ਜਾਵੇ। ਇਸ ਤੋਂ ਇਲਾਵਾ ਏਅਰਪੋਰਟ ਸੜਕ ਤੋਂ ਅੱਗੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣ ਅਤੇ ਡੇਰਾ ਰਾਧਾ ਸੁਆਮੀ ਨਾਲ ਤਾਲਮੇਲ ਕਰਕੇ ਉਥੋਂ ਵੀ ਅੱਗੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇੱਥੇ ਪੁਰਾਣੀ ਇੱਟਾਂ ਦੀ ਬਣੀ 98 ਇੰਚ ਦੇ ਡਾਏ ਵਾਲੀ ਪਾਈਪ ਨੂੰ ਬਦਲ ਕੇ ਇਸ ਤੋਂ ਵੱਡੇ ਗਾਏ ਵਾਲੀ ਆਧੁਨਿਕ ਪਾਈਪ ਪਾਉਣ ਦੀ ਸਖ਼ਤ ਲੋੜ ਹੈ।