
ਵਾਦੀ ਵਿੱਚ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਦੇਣ ਲਈ ਠੋਸ ਕਦਮ ਚੁੱਕਣ ਦੀ ਲੋੜ: ਬਰਿੰਦਰ ਗੋਇਲ
ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਆਪ ਆਗੂਆਂ ਨੇ ਸ੍ਰੀ ਹਨੂੰਮਾਨ ਮੰਦਰ ਵਿੱਚ ਕੀਤੀ ਪ੍ਰਾਰਥਨਾ
ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ (ਆਪ) ਆਗੂਆਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਫੇਜ਼-3ਬੀ2 ਸਥਿਤ ਸ੍ਰੀ ਹਨੂੰਮਾਨ ਮੰਦਰ ਵਿਖੇ ਪ੍ਰਾਰਥਨਾ ਕੀਤੀ। ਜਿਸ ਦਾ ਮੁੱਖ ਉਦੇਸ਼ ਪੀੜਤ ਪਰਿਵਾਰਾਂ ਨਾਲ ਇੱਕਜੁੱਟਤਾ ਪ੍ਰਗਟ ਕਰਨਾ ਅਤੇ ਵਿੱਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਾ ਸੀ। ਧਾਰਮਿਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਰਿੰਦਰ ਗੋਇਲ ਨੇ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਧਾਰਮਿਕ ਨਫ਼ਰਤ ਦੀ ਆੜ ਵਿੱਚ ਕੀਤੇ ਗਏ ‘ਮਨੁੱਖਤਾ ਵਿਰੁੱਧ ਸਭ ਤੋਂ ਮਾੜਾ ਅਪਰਾਧ’ ਦੱਸਿਆ। ਉਨ੍ਹਾਂ ਨੇ ਅਜਿਹੇ ਅੱਤਵਾਦੀ ਹਮਲਿਆਂ ਪਿੱਛੇ ਨਾਪਾਕ ਤਾਕਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, ‘‘ਨਿਰਦੋਸ਼ ਸੈਲਾਨੀਆਂ ’ਤੇ ਘਿਣਾਉਣੇ ਹਮਲੇ ਨੇ ਸਪੱਸ਼ਟ ਤੌਰ ’ਤੇ ਘਾਟੀ ਵਿੱਚ ਸ਼ਾਂਤੀ ਅਤੇ ਸਥਿਰਤਾ ਵਿਰੋਧੀ ਤੱਤਾਂ ਦੀ ਸ਼ਮੂਲੀਅਤ ਨੂੰ ਦਰਸਾਇਆ ਹੈ।’’ ਉਨ੍ਹਾਂ ਕਿਹਾ, ‘‘ਇਹ ਘਟਨਾ ਉਕਤ ਸਥਾਨ ’ਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਮੀਆਂ ਨੂੰ ਵੀ ਉਜਾਗਰ ਕਰਦੀ ਹੈ ਅਤੇ ਨਾਗਰਿਕਾਂ ਅਤੇ ਸੈਲਾਨੀਆਂ ਲਈ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਦੀ ਲੋੜ ਮਹਿਸੂਸ ਕਰਦੀ ਹੈ।’’ ਕਿਸੇ ਵੀ ਤਰ੍ਹਾਂ ਦੇ ਦੋਸ਼ ਲਗਾਉਣ ਤੋਂ ਪ੍ਰਹੇਜ਼ ਕਰਦਿਆਂ ਕੈਬਨਿਟ ਮੰਤਰੀ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਖ਼ਾਮੀਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਅਜਿਹੀ ਜ਼ਾਲਮ ਕਾਰਵਾਈ ਕਰਨ ਦੀ ਆਗਿਆ ਦਿੱਤੀ। ‘‘ਭਾਰਤ ਕੋਲ ਇੱਕ ਮਜ਼ਬੂਤ ਫੌਜੀ ਤਾਕਤ ਹੈ, ਫਿਰ ਵੀ ਅਜਿਹੇ ਵਾਰ-ਵਾਰ ਕਤਲੇਆਮ ਇੱਕ ਸਖ਼ਤ ਅਤੇ ਫੈਸਲਾਕੁਨ ਬਦਲਾ ਲੈਣ ਦੀ ਮੰਗ ਕਰਦੇ ਹਨ।
ਬਰਿੰਦਰ ਗੋਇਲ ਨੇ ਕੇਂਦਰ ਸਰਕਾਰ ਵੱਲੋਂ ਤੁਰੰਤ ਕੀਤੀ ਗਈ ਪ੍ਰਤੀਕਿਰਿਆ ਨੂੰ ਸਵੀਕਾਰ ਕੀਤਾ ਪਰ ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਅਜਿਹੀਆਂ ਘਟਨਾਵਾਂ ਮੁੜ ਦੁਹਰਾਈਆਂ ਨਾ ਜਾਣ ਲਈ ਵਧੇਰੇ ਵਿਆਪਕ ਉਪਾਵਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਸਮਾਂ ਆ ਗਿਆ ਹੈ ਕਿ ਸ਼ਾਂਤੀ ਦੇ ਦੁਸ਼ਮਣਾਂ ਨੂੰ ਰੋਕਣ ਲਈ ਇੱਕ ਸੰਯੁਕਤ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਹਿਲਾਂ ਹੀ ਇਸ ਵਹਿਸ਼ੀ, ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੇ ਵੱਖ-ਵੱਖ ਖੇਤਰਾਂ ਵਿੱਚ ਮੋਮਬੱਤੀ ਮਾਰਚਾਂ ਅਤੇ ਪ੍ਰਾਰਥਨਾ ਸਭਾਵਾਂ ਰਾਹੀਂ ਪ੍ਰਭਾਵਿਤ ਪਰਿਵਾਰਾਂ ਨਾਲ ਏਕਤਾ ਅਤੇ ਇਕਮੁੱਠਤਾ ਦਿਖਾਈ ਹੈ।
ਪੰਜਾਬ ਦੀ ਜੰਮੂ-ਕਸ਼ਮੀਰ ਨਾਲ ਸਰਹੱਦੀ ਨੇੜਤਾ ਅਤੇ ਖ਼ੁਦ ਇੱਕ ਸਰਹੱਦੀ ਰਾਜ ਹੋਣ ਦੀ ਸਥਿਤੀ ਨੂੰ ਸਵੀਕਾਰ ਕਰਦਿਆਂ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਸੁਰੱਖਿਆ ਉਪਾਅ ਹੋਰ ਮਜ਼ਬੂਤ ਕਰ ਦਿੱਤੇ ਹਨ। ਇਸ ਮੌਕੇ ‘ਆਪ’ ਦੇ ਮੁੱਖ ਬੁਲਾਰੇ ਨੀਲ ਗਰਗ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਅਤੇ ਹੋਰ ਵਲੰਟੀਅਰ ਹਾਜ਼ਰ ਸਨ।