
ਮਾਤਾ ਜੈਅੰਤੀ ਦੇਵੀ ਦੇ ਮੰਦਰ ਦੇ ਵਿਕਾਸ ਲਈ ਲੋੜ ਅਨੁਸਾਰ ਗਰਾਂਟ ਦਿੱਤੀ ਜਾਵੇਗੀ: ਚੰਦੂਮਾਜਰਾ
ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 12 ਫਰਵਰੀ:
ਪਿੰਡ ਜੈਅੰਤੀ ਮਾਜਰੀ ਸਥਿਤ ਪ੍ਰਚੀਨ ਮੰਦਰ ਮਾਤਾ ਜੈਅੰਤੀ ਦੇਵੀ ਦੇ ਮੇਲੇ ਦੌਰਾਨ ਵਿਸ਼ੇਸ ਤੌਰ ’ਤੇ ਨਤਮਸਤਕ ਹੋਣ ਪੁੱਜੇ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਮੰਦਿਰ ਵਿਖੇ ਲੰਗਰ ਹਾਲ ਲਈ 10 ਲੱਖ ਦੀ ਗ੍ਰਾਂਟ ਦੇਣ ਅਤੇ ਪੌੜੀਆਂ ਤੋਂ ਮੰਦਿਰ ਤੱਕ ਜਾਣ ਵਾਲੀ ਕੱਚੇ ਰਸਤੇ ਨੂੰ ਪੱਕਾ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਬਿਨ੍ਹਾਂ ਉਨ੍ਹਾਂ ਚੋਣਾਂ ਤੋਂ ਬਾਅਦ ਪਹਿਲੀ ਵਾਰ ਪਹਾੜੀ ਖੇਤਰ ਦੇ ਹੋਰਨਾਂ ਪਿੰਡਾਂ ਦਾ ਦੌਰਾ ਕਰਦਿਆਂ ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਹਰਿਆਣਾ ਤੱਕ ਵਾਇਆ ਜੈਅੰਤੀ ਮਾਜਰੀ ਹੋਕੇ ਜਾਣ ਵਾਲੀ ਸੜਕ ਤੇ ਪੁੱਲੀਆਂ ਲਗਾਉਣ, ਕਸੌਲੀ ਤੋਂ ਪਿੰਡ ਬਗਿੰਢੀ ਤੱਕ ਦੇ ਰਸਤੇ ਨੂੰ ਦੁਬਾਰਾ ਬਣਾਉਣ ਅਤੇ ਚੰਡੀਗੜ੍ਹ ਤੋਂ ਕਰੌਂਦੇਵਾਲਾ ਤੱਕ ਸੀਟੀਯੂ ਬੱਸ ਦੀ ਬੰਦ ਹੋਏ ਰੂਟ ਨੂੰ ਦੁਬਾਰਾ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਰੰਗਾ ਰਾਮ ਜੈਅੰਤੀ ਮਾਜਰੀ, ਸਰਪੰਚ ਲਖਮੀਰ ਸਿੰਘ, ਅਕਾਲੀ ਆਗੂ ਗੁਰਧਿਆਨ ਸਿੰਘ, ਸਿਆਮ ਲਾਲ ਗੂੜਾ, ਸੰਮਤੀ ਮੈਂਬਰ ਜਾਗੀਰ ਰਾਮ ਕਸੌਲੀ, ਸੰਮਤੀ ਮੈਂਬਰ ਰਵਿੰਦਰ ਸਿੰਘ ਸਿਊਂਕ, ਸੋਮ ਨਾਥ, ਮੱਖਣ ਸਿੰਘ, ਲਾਇਕ ਰਾਮ ਅਤੇ ਯਾਦ ਰਾਮ ਆਦਿ ਮੋਹਤਵਰ ਹਾਜ਼ਿਰ ਸਨ।