
ਲੋੜਵੰਦ ਲੜਕੀਆਂ ਨੇ ਡੀਸੀ ਮੁਹਾਲੀ ਕੋਲ ਡਾਕਟਰ ਤੇ ਅਧਿਆਪਕ ਬਣਨ ਦੀ ਇੱਛਾ ਜਤਾਈ
ਜ਼ਿਲ੍ਹਾ ਰੈੱਡ ਕਰਾਸ ਨੇ ਲੋੜਵੰਦ ਬੱਚੀਆਂ ਨੂੰ ਹਾਈਜਿਨਕ ਕਿੱਟਾਂ, ਡਬਲ ਬੈੱਡ ਦੀਆਂ ਸੀਟਾਂ ਤੇ ਮਿਠਾਈ ਵੰਡੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਖਰੜ ਦੀਆਂ ਗਰੀਬ ਅਤੇ ਲੋੜਵੰਦ ਬੱਚੀਆਂ ਨੂੰ 170 ਹਾਈਜਿਨਕ ਕਿੱਟਾਂ, 55 ਡਬਲ ਬੈੱਡ ਦੀਆਂ ਸੀਟਾਂ ਅਤੇ ਮਿਠਾਈ ਵੰਡੀ ਗਈ ਅਤੇ ਬੱਚੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੜ੍ਹਨ-ਲਿਖਣ ਲਈ ਉਤਸ਼ਾਹਿਤ ਵੀ ਕੀਤਾ ਗਿਆ। ਇਸ ਮੌਕੇ ਏਡੀਸੀ ਸ੍ਰੀਮਤੀ ਕੋਮਲ ਮਿੱਤਲ ਅਤੇ ਏਡੀਸੀ ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਬੱਚੀਆਂ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਮੁਕੰਮਲ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਹਾਂ ਕੁੱਝ ਬੱਚੀਆਂ ਨੇ ਅਧਿਆਪਕ ਬਣਨ ਦੀ ਇੱਛਾ ਜ਼ਾਹਿਰ ਕੀਤੀ। ਇੱਥੇ ਇਹ ਦੱਸਣਯੋਗ ਹੈ ਕਿ ਚਾਰ ਲੜਕੀਆਂ ਲਾਅ ਦੀ ਪੜਾਈ ਪੂਰੀ ਕਰਕੇ ਪੀਸੀਐਸ ਜੁਡੀਸ਼ਲ ਦੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੀਆ ਹਨ, ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੜ੍ਹਾਈ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੀ ਮਦਦ ਤੋਂ ਬਿਨਾਂ ਨਹੀਂ ਸੀ ਹੋ ਸਕਦੀ। ਬੱਚੀਆਂ ਨੇ ਦੱਸਿਆ ਕਿ ਸੰਸਥਾ ਦੇ ਸੰਚਾਲਕ ਡਾ. ਹਰਵਿੰਦਰ ਸਿੰਘ ਮਾਪਿਆਂ ਤੋਂ ਵੱਧ ਪਿਆਰ ਦਿੰਦੇ ਹਨ ਅਤੇ ਪੜ੍ਹਾਈ ਦਾ ਪੂਰਾ ਖਿਆਲ ਰੱਖਦੇ ਹਨ। ਉਹ ਚਾਹੁੰਦੇ ਹਨ ਕਿ ਇਹ ਬੱਚੀਆਂ ਜੱਜ ਬਣਨ ਅਤੇ ਇਸ ਯੋਗ ਬਣਨ ਕਿ ਹੋਰਨਾਂ ਲੜਕੀਆਂ ਦੇ ਜੀਵਨ ਵਿੱਚ ਮਦਦ ਕਰ ਸਕਣ ਤਾਂ ਜੋ ਇਹ ਬੱਚੀਆਂ ਸਮਾਜ ਵਿੱਚ ਸਿਰ ਉੱਚਾ ਕਰਕੇ ਚੱਲ ਸਕਣ।
ਡੀਸੀ ਸ੍ਰੀਮਤੀ ਈਸ਼ਾ ਕਾਲੀਆ ਨੇ ਭਰੋਸਾ ਦਿੱਤਾ ਕਿ ਜਦੋਂ ਵੀ ਕਿਸੇ ਪ੍ਰਕਾਰ ਦੀ ਮਦਦ/ਗਾਈਡੈਂਸ ਦੀ ਲੋੜ ਹੋਵੇ ਤਾਂ ਉਹ ਹਮੇਸ਼ਾ ਉਨ੍ਹਾਂ ਲਈ ਤਤਪਰ ਰਹਿਣਗੇ। ਉਨ੍ਹਾਂ ਨੇ ਸੰਸਥਾ ਦੇ ਸੰਚਾਲਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦ ਬੱਚੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ ਜੋ ਕਿ ਰੈੱਡ ਕਰਾਸ ਸੁਸਾਇਟੀ ਦੇ ਵਾਇਸ ਪ੍ਰਧਾਨ ਵੀ ਹਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਿਮਾਂਸੂ ਅਗਰਵਾਲ ਨੇ ਬੱਚੀਆਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਛੋਟੀਆਂ ਬੱਚੀਆਂ ਨੇ ਆਪਣੇ ਅੰਦਾਜ਼ ਵਿੱਚ ਕਵਿਤਾਵਾਂ ਵੀ ਸੁਣਾਈਆ। ਇਨ੍ਹਾਂ ਲੋੜਵੰਦ ਬੱਚੀਆਂ ਨਾਲ ਉੱਚ ਅਧਿਕਾਰੀਆਂ ਨੇ ਕਾਫ਼ੀ ਸਮਾਂ ਬਿਤਾਇਆ। ਉਨ੍ਹਾਂ ਨੇ ਬੱਚੀਆਂ ਨੂੰ ਚਾਕਲੇਟਾਂ ਵੰਡੀਆਂ ਅਤੇ ਸੰਸਥਾ ਦੇ ਮੁਖੀ ਨੂੰ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਅਖੀਰ ਵਿੱਚ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਕਮਲੇਸ਼ ਕੌਸ਼ਲ ਨੇ ਮੁਹਾਲੀ ਵਸੀਆਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦੀ ਮਦਦ ਲਈ ਅੱਗੇ ਆਉਣ।