nabaz-e-punjab.com

ਪੀਜ਼ਾ ਹੱਟ ਦੇ ਕਰਮਚਾਰੀ ਦੀ ਰਿਪੋਰਟ ਨੈਗੇਟਿਵ, ਟੈਕਸੀ ਕਰਕੇ ਘਰ ਪੁੱਜਾ

ਸਰਕਾਰੀ ਹਸਪਤਾਲ ਫੇਜ਼-6 ਵਿੱਚ ਜੇਰੇ ਇਲਾਜ ਨੌਜਵਾਨ ਨੂੰ ਨਹੀਂ ਮਿਲੀ ਐਂਬੂਲੈਂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ, ਉੱਥੇ ਇਕ ਸ਼ੱਕੀ ਮਰੀਜ਼ ਨੂੰ ਸਰਕਾਰੀ ਹਸਪਤਾਲ ਤੋਂ ਉਸ ਦੇ ਘਰ ਛੱਡਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਅਤੇ ਸਬੰਧਤ ਸਟਾਫ਼ ਦੀ ਕਥਿਤ ਲਾਪਰਵਾਹੀ ਸਾਹਮਣੇ ਆਈ ਹੈ। ਇੱਥੋਂ ਦੀ ਗੁਰੂ ਨਾਨਕ ਕਲੋਨੀ ਵਿੱਚ ਰਹਿੰਦੇ ਅਨੂਪ ਕੁਮਾਰ (27) (ਪੀਜਾ ਡਲਿਵਰੀ ਬੁਆਏ) ਨੂੰ ਸ਼ੱਕ ਦੇ ਆਧਾਰ ’ਤੇ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਦਾਖ਼ਲ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਜਗਤਪੁਰਾ ਕਲੋਨੀ ’ਚੋਂ ਕਪਿਲ ਸ਼ਰਮਾ ਨਾਂ ਦੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅਨੂਪ ਕੁਮਾਰ ਨੇ ਬੀਤੇ ਮੰਗਲਵਾਰ ਨੂੰ ਖ਼ੁਦ ਹੀ ਜਗਤਪੁਰਾ ਡਿਸਪੈਂਸਰੀ ਵਿੱਚ ਆ ਗਿਆ। ਉਸ ਨੇ ਦੱਸਿਆ ਕਿ ਉਹ ਪੀਜਾ ਡਲਿਵਰੀ ਕਰਨ ਦਾ ਕੰਮ ਕਰਦਾ ਹੈ। ਉਸ ਨੂੰ ਖੰਘ ਜ਼ੁਕਾਮ ਅਤੇ ਬੁਖ਼ਾਰ ਹੈ। ਇਸ ਤੋਂ ਬਾਅਦ ਡਿਸਪੈਂਸਰੀ ਸਟਾਫ਼ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਹਿਲਾਂ ਤਾਂ ਉਸ ਦੇ ਸੈਂਪਲ ਲੈਣ ਵਿੱਚ ਦੇਰੀ ਕੀਤੀ ਗਈ। ਬੀਤੇ ਕੱਲ੍ਹ ਉਸ ਦਾ ਸੈਂਪਲ ਲਿਆ ਗਿਆ ਸੀ ਅਤੇ ਅੱਜ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਪ੍ਰੰਤੂ ਉਸ ਨੂੰ ਘਰ ਛੱਡਣ ਲਈ ਕੋਈ ਐਂਬੂਲੈਂਸ ਨਹੀਂ ਮਿਲੀ। ਇਸ ਸਬੰਧੀ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਐਂਬੂਲੈਂਸਾਂ ਸਮੇਤ ਹੋਰ ਵਾਹਨ ਪਿੰਡ ਜਵਾਹਰਪੁਰ ਅਤੇ ਖਰੜ ਵਿੱਚ ਭੇਜੇ ਗਏ ਹਨ। ਲਿਹਾਜ਼ਾ 108 ਐਂਬੂਲੈਂਸ ਨਾਲ ਸੰਪਰਕ ਕੀਤਾ ਜਾਵੇ, ਪ੍ਰੰਤੂ 108 ਐਂਬੂਲੈਂਸ ਵਾਲਿਆਂ ਨੇ ਫੋਨ ਹੀ ਨਹੀਂ ਚੁੱਕਿਆ। ਇਸ ਤੋਂ ਬਾਅਦ ਅਨੂਪ ਕੁਮਾਰ ਟੈਕਸੀ ਕਰਕੇ ਆਪਣੇ ਘਰ ਪੁੱਜਾ।
ਉਧਰ, ਸਿਹਤ ਵਿਭਾਗ ਦੀ ਟੀਮ ਕੁਆਰਕ ਕਲੋਨੀ ਜਗਤਪੁਰਾ, ਗੁਰੂ ਨਾਨਕ ਕਲੋਨੀ, ਅੰਬ ਸਾਹਿਬ ਕਲੋਨੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਲੋਨੀ ਵਾਸੀਆਂ ਨੂੰ ਇਸ ਮਹਾਮਾਰੀ ਤੋਂ ਬਚਨ ਲਈ ਆਪੋ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਗਿਆ। ਭਲਕੇ 11 ਅਪਰੈਲ ਨੂੰ ਸਿਹਤ ਵਿਭਾਗ ਦੀ ਟੀਮ ਜਗਤਪੁਰਾ ਕਲੋਨੀ ਦੇ ਉਨ੍ਹਾਂ ਘਰਾਂ ਦਾ ਸਰਵੇ ਕਰੇਗੀ। ਜਿਨ੍ਹਾਂ ਘਰਾਂ ’ਚੋਂ ਕੁਝ ਦਿਨ ਪਹਿਲਾਂ 50 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਹਾਲਾਂਕਿ ਇਨ੍ਹਾਂ ਸਾਰੇ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਪ੍ਰੰਤੂ ਉਨ੍ਹਾਂ ਨੂੰ ਹਾਊਸ ਆਈਸੋਲੇਟ ਕੀਤਾ ਗਿਆ ਸੀ। ਹੁਣ ਸਬੰਧਤ ਘਰਾਂ ਵਿੱਚ ਜਾ ਕੇ ਸਟੇਟਸ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…