ਅਣਦੇਖੀ: ਐਡਵਾਂਸ ਅੌਟਿਜ਼ਮ ਕੇਅਰ ਤੇ ਰਿਸਰਚ ਸੈਂਟਰ ਦੀ ਇਮਾਰਤ ਸਫੈਦ ਹਾਥੀ ਬਣੀ
ਚਾਰ ਸਾਲ ਬਾਅਦ ਵੀ ਸ਼ੁਰੂ ਨਹੀਂ ਹੋਇਆ ਸੈਂਟਰ, ਅਣਦੇਖੀ ਕਾਰਨ ਇਮਾਰਤ ਨੇ ਖੰਡਰ ਦਾ ਰੂਪ ਧਾਰਿਆ
ਲੱਖਾਂ ਦੀ ਕੀਮਤ ਦੇ ਸੈਂਟਰਲ ਏਅਰ ਕੰਡੀਸ਼ਨ, ਬਿਜਲੀ ਯੰਤਰ, ਲਿਫ਼ਟ ਦਾ ਕੰਟਰੋਲ ਯੂਨਿਟ ਤੇ ਹੋਰ ਸਾਜੋ ਸਮਾਨ ਗਾਇਬ
ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਇੱਥੋਂ ਦੇ ਸੈਕਟਰ-79 ਸਥਿਤ ਐਡਵਾਂਸ ਅੌਟਿਜ਼ਮ ਕੇਅਰ ਅਤੇ ਰਿਸਰਚ ਸੈਂਟਰ ਸਰਕਾਰੀ ਅਣਦੇਖੀ ਦੇ ਚੱਲਦਿਆਂ ਖੰਡਰ ਬਣਦਾ ਜਾ ਰਿਹਾ ਹੈ। ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਸਮੇਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ 15 ਦਸੰਬਰ 2021 ਨੂੰ ਉਦਘਾਟਨ ਕੀਤਾ ਸੀ ਲੇਕਿਨ ਤੁਰੰਤ ਬਾਅਦ ਸੱਤਾ ਪਰਿਵਰਤਨ ਹੋ ਗਈ ਅਤੇ ਬਾਅਦ ਵਿੱਚ ‘ਆਪ’ ਸਰਕਾਰ ਜਾਂ ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਇਹ ਬਹੁ-ਕਰੋੜੀ ਇਮਾਰਤ ਅਤੇ ਸਾਜੋ ਸਾਮਾਨ ਮਹਿਜ਼ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ। ਸਰਕਾਰ ਦੀ ਬੇਧਿਆਨੀ ਕਾਰਨ ਇਸ ਮਹੱਤਵਪੂਰਨ ਸੈਂਟਰ ’ਚੋਂ ਲੱਖਾਂ ਰੁਪਏ ਦਾ ਸਮਾਨ ਗਾਇਬ ਹੋ ਚੁੱਕਾ ਹੈ। ਇਹ ਆਲੀਸ਼ਾਨ ਇਮਾਰਤ ਦੀ ਹਾਲਤ ਵੀ ਖਸਤਾ ਹੁੰਦੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਪੰਜਾਬ ਦਾ ਆਪਣੀ ਕਿਸਮ ਦਾ ਇਹ ਪਹਿਲਾ ਸੈਂਟਰ ਹੈ। ਇੱਥੇ ਭਾਰਤ ਵਿੱਚ ਅੌਟਿਜ਼ਮ ਅਤੇ ਹੋਰ ਨਿਊਰੋ-ਵਿਕਾਸ ਸਬੰਧੀ ਵਿਕਾਰਾਂ ਵਾਲੇ ਵਿਅਕਤੀਆਂ ਲਈ ਵਿਆਪਕ, ਏਕੀਕ੍ਰਿਤ ਅਤੇ ਜਵਾਬਦੇਹੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣੀਆਂ ਸਨ। ਇਸ ਕੇਂਦਰ ਦਾ ਉਦੇਸ਼ ਕਲੀਨਿਕਲ ਸੇਵਾਵਾਂ, ਮਾਪਿਆਂ ਦੀ ਸਿਖਲਾਈ ਲਈ ਰਿਹਾਇਸ਼ੀ ਸਹੂਲਤਾਂ ਅਤੇ ਬੱਚਿਆਂ ਲਈ ਸਕੂਲ ਮੁਹੱਈਆ ਕਰਵਾਉਣਾ ਵੀ ਸੀ।
ਕੇਂਦਰ ਵਿੱਚ ਇੱਕ ਬਹੁ-ਅਨੁਸ਼ਾਸਨੀ ਮਾਹਰਾਂ ਦੀ ਟੀਮ, ਜਿਸ ਵਿੱਚ ਬਾਲ ਰੋਗ ਵਿਗਿਆਨੀ, ਮਨੋਵਿਗਿਆਨੀ, ਕਿੱਤਾਮੁਖੀ ਅਤੇ ਫਿਜ਼ੀਕਲ ਥੈਰੇਪਿਸਟ ਸ਼ਾਮਲ ਕੀਤੇ ਜਾਣੇ ਸਨ। ਉਸ ਸਮੇਂ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੂੰ ਇਸ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰਨ ਲਈ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਤਾਂ ਜੋ ਅੌਟਿਜ਼ਮ ਅਤੇ ਦਿਮਾਗ ਦੇ ਵਿਕਾਸ ਸਬੰਧੀ ਹੋਰ ਵਿਕਾਰਾਂ ਵਾਲੇ ਬੱਚਿਆਂ ਦੀ ਦੇਖਭਾਲ ਕੀਤੀ ਜਾ ਸਕੇ, ਪ੍ਰੰਤੂ 4 ਸਾਲ ਬੀਤ ਜਾਣ ਦੇ ਬਾਵਜੂਦ ਇਹ ਵੱਕਾਰੀ ਸੈਂਟਰ ਸ਼ੁਰੂ ਨਹੀਂ ਹੋ ਸਕਿਆ।
ਉਧਰ, ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਵਧੇਰੇ ਤਵੱਜੋ ਦੇ ਰਹੀ ਹੈ ਪ੍ਰੰਤੂ ਐਡਵਾਂਸ ਅੌਟਿਜ਼ਮ ਕੇਅਰ ਅਤੇ ਰਿਸਰਚ ਸੈਂਟਰ ਦੀ ਅਣਦੇਖੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਲੇਕਿਨ ਹੁਣ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਫਿਕਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਮੈਡੀਕਲ ਸਿੱਖਿਆ ਮੰਤਰੀ ਨਾਲ ਗੱਲ ਕਰਕੇ ਇਸ ਅਦਾਰੇ ਨੂੰ ਚਲਾਉਣ ਦੀ ਗੁਹਾਰ ਲਗਾਉਣਗੇ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।